ਕੈਪਟਨ ਦੀ ਚੇਤਾਵਨੀ! ਸਰਕਾਰ ਹੋਰ ਪਾਬੰਦੀਆਂ ਲਾਉਣ ਲਈ ਹੋ ਸਕਦੀ ਮਜਬੂਰ

0
159

ਚੰਡੀਗੜ੍ਹ (TLT) ਪੰਜਾਬ ਵਿੱਚ ਕੋਰੋਨਾ ਖਤਰਨਾਕ ਰੂਪ ਧਾਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਸਰੂਪ ਦੇ ਪੱਧਰ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ਵਿੱਚੋਂ 81 ਫੀਸਦੀ ਵਿੱਚ ਯੂਕੇ ਦੇ ਕੋਵਿਡ ਦੀ ਕਿਸਮ ਪਾਏ ਜਾਣ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਕੈਪਟਨ ਨੇ ਲੋਕਾਂ ਨੂੰ ਵੀ ਕੋਵਿਡ ਤੋਂ ਸੁਰੱਖਿਆ ਸਬੰਧੀ ਸਾਰੇ ਨਿਯਮਾਂ ਜਿਵੇਂ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਬਣਾਏ ਰੱਖਣ ਆਦਿ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ, ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋਵੇਗੀ ਜੇਕਰ ਲੋਕਾਂ ਨੇ ਕੋਵਿਡ ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਨਾ ਕੀਤਾ।

ਮੁੱਖ ਮੰਤਰੀ ਵੱਲੋਂ ਇਹ ਅਪੀਲ ਸੂਬੇ ਦੀ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇਕੇ ਤਲਵਾੜ ਵੱਲੋਂ ਉਨਾਂ ਨੂੰ ਇਸ ਵਾਇਰਸ ਦੇ ਨਵੇਂ ਸਰੂਪ ਸਬੰਧੀ ਜਾਣਕਾਰੀ ਦਿੱਤੇ ਜਾਣ ਮਗਰੋਂ ਕੀਤੀ ਗਈ ਹੈ। ਸੂਬੇ ਵਿੱਚ ਬੀਤੇ ਕੁਝ ਹਫ਼ਤਿਆਂ ਦੌਰਾਨ ਕੋਵਿਡ-19 ਦੇ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਸੂਬੇ ਦੇ ਸਿਹਤ ਵਿਭਾਗ ਵੱਲੋਂ ਇਸ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਲਈ 478 ਕੋਵਿਡ-19 ਪਾਜ਼ੇਟਿਵ ਨਮੂਨੇ ਐਨਆਈਬੀ, ਆਈਜੀਆਈਬੀ ਤੇ ਐਨਸੀਡੀਸੀ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 90 ਨਮੂਨਿਆਂ ਦੇ ਨਤੀਜੇ ਆ ਗਏ ਹਨ ਜਿਨ੍ਹਾਂ ਵਿੱਚੋਂ ਸਿਰਫ਼ ਦੋ ਨਮੂਨਿਆਂ ਵਿੱਚ ਹੀ ਐਨ440ਕੇ ਕਿਸਮ ਪਾਈ ਗਈ ਹੈ।

ਇਸ ਮਗਰੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਟੀਮ ਨੇ ਪੌਜ਼ੇਟਿਵ ਦਰ ਵਿੱਚ ਵਾਧੇ ਦੀ ਸਮੀਖਿਆ ਕਰਨ ਲਈ ਸੂਬੇ ਦਾ ਦੌਰਾ ਕੀਤਾ। ਟੀਮ ਨੂੰ ਇਸ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਦੇ ਬਾਕੀ ਰਹਿੰਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਗਰੋਂ 401 ਨਮੂਨੇ, ਜੋ 1 ਜਨਵਰੀ, 2021 ਤੋਂ ਲੈ ਕੇ 10 ਮਾਰਚ, 2021 ਤੱਕ ਲਏ ਗਏ ਸਨ, ਐਨਸੀਡੀਸੀ ਨੂੰ ਭੇਜੇ ਗਏ ਤਾਂ ਜੋ ਇਸ ਵਾਇਰਸ ਦੇ ਸਰੂਪ ਦਾ ਪੱਧਰ ਪਤਾ ਕੀਤਾ ਜਾ ਸਕੇ। ਡਾ. ਕੇਕੇ ਤਲਵਾੜ ਨੇ ਕਿਹਾ ਕਿ ਇਨਾਂ ਨਮੂਨਿਆਂ ਦੇ ਨਤੀਜੇ ਚਿੰਤਾਜਨਕ ਸਨ ਕਿਉਂਕਿ 326 ਕੋਵਿਡ ਨਮੂਨਿਆਂ ਵਿੱਚ ਬੀ.1.1.7 ਕਿਸਮ ਦੀ ਮੌਜੂਦਗੀ ਪਾਈ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਡਾ. ਤਲਵਾੜ ਨੇ ਜਾਣਕਾਰੀ ਦਿੱਤੀ ਹੈ ਕਿ ਯੂ.ਕੇ. ਦੀ ਇਹ ਕਿਸਮ ਬੀ.1.1.7 ਜ਼ਿਆਦਾ ਸੰਕਰਮਿਤ ਹੈ ਪਰ ਜ਼ਿਆਦਾ ਜ਼ਹਿਰੀਲੀ ਨਹੀਂ ਹੈ। ਆਕਸਫੋਰਡ (ਕੋਵੀਸ਼ੀਲਡ) ਦੀ ਦਵਾਈ ਯੂ.ਕੇ. ਦੀ ਇਸ ਨਵੀਂ ਕਿਸਮ ਲਈ ਪੂਰੀ ਤਰਾਂ ਕਾਰਗਰ ਹੈ। ਧਿਆਨ ਦੇਣ ਯੋਗ ਹੈ ਕਿ ਬੀ.1.1.7 ਕਿਸਮ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਫੈਲ ਗਈ ਹੈ ਅਤੇ ਯੂ.ਕੇ. ਵਿੱਚ ਇਸ ਦੇ 98 ਫੀਸਦੀ ਤੇ ਸਪੇਨ ਵਿੱਚ 90 ਫੀਸਦੀ ਨਵੇਂ ਮਾਮਲੇ ਹਨ। ਯੂ.ਕੇ. ਦੀ ਸਰਕਾਰ ਨੇ ਕਿਹਾ ਹੈ ਕਿ ਮੂਲ ਵਾਇਰਸ ਤੋਂ ਇਹ ਨਵੀਂ ਕਿਸਮ 70 ਫੀਸਦੀ ਤੱਕ ਵੱਧ ਫੈਲਣਯੋਗ ਹੈ।