ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਸਾੜ ਕੇ ਮਾਰਿਆ

0
77

ਵੈਨਕੂਵਰ (TLT) ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਕੈਨੇਡਾ ਦੇ ਸ਼ਹਿਰ ਰਿਚਮੰਡ ਵਿੱਚ ਦੋ ਪੰਜਾਬੀ ਭਰਾਵਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ। ਉਨ੍ਹਾਂ ਦੀ ਪਛਾਣ ਚੇਤਨ ਢੀਂਡਸਾ (25) ਤੇ ਉਸ ਦੇ ਛੋਟੇ ਭਰਾ ਜੋਬਨ ਢੀਂਡਸਾ (23) ਵਜੋਂ ਹੋਈ ਹੈ। ਹਮਲਾਵਰਾਂ ਵੱਲੋਂ ਘਰ ਨੂੰ ਅੱਗ ਲਾਏ ਜਾਣ ਮੌਕੇ ਦੋਵੇਂ ਭਰਾ ਘਰ ’ਚ ਸੁੱਤੇ ਹੋਏ ਸਨ।

ਪੁਲਿਸ ਅਨੁਸਾਰ ਅੱਧੀ ਰਾਤ ਮਗਰੋਂ ਰਿਚਮੰਡ ਦੇ ਪੂਰਬੀ ਖੇਤਰ ਵਿੱਚ ਫਰੇਜ਼ਰ ਦਰਿਆ ਦੇ ਅਲੈਕਸ ਪੁਲ ਨੇੜਲੇ ਖੇਤਰ ’ਚ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਨੂੰ ਪੁਲਿਸ ਦਲ ਤੇ ਅੱਗ ਬੁਝਾਊ ਅਮਲੇ ਨੇ ਕਾਫ਼ੀ ਜੱਦੋਜਹਿਦ ਮਗਰੋਂ ਬੁਝਾਇਆ। ਸਵੇਰ ਹੋਣ ’ਤੇ ਮਲਬੇ ਵਿੱਚੋਂ ਦੋ ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਅੱਗ ਲੱਗਣ ਤੋਂ ਪਹਿਲਾਂ ਉਨ੍ਹਾਂ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ। ਦੋ ਦਿਨਾਂ ਦੀ ਜਾਂਚ ਮਗਰੋਂ ਪੁਲਿਸ ਨੇ ਅੱਜ ਲਾਸ਼ਾਂ ਦੀ ਸ਼ਨਾਖਤ ਜਾਰੀ ਕੀਤੀ। ਪੁਲਿਸ ਦੀ ਤਰਜਮਾਨ ਲਾਰਾ ਜੈਨਸਨ ਅਨੁਸਾਰ ਦੋਵੇਂ ਭਰਾ ਇੱਥੋਂ ਦੀ ਗੈਂਗਵਾਰ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਦੋਵਾਂ ਵਿਰੁੱਧ ਵੀ ਪੁਲਿਸ ਕੇਸ ਦਰਜ ਸਨ, ਜਿਸ ਤੋਂ ਸਪੱਸ਼ਟ ਹੈ ਕਿ ਕਿਸੇ ਵੱਲੋਂ ਘਰ ਨੂੰ ਅੱਗ ਉਨ੍ਹਾਂ ਨੂੰ ਮਾਰਨ ਲਈ ਹੀ ਲਾਈ ਗਈ ਹੋਵੇਗੀ।