ਕਿਸਾਨਾਂ ਵੱਲੋਂ 26 ਮਾਰਚ ਨੂੰ ਮੁੜ ਵੱਡਾ ਐਕਸ਼ਨ, ਦੇਸ਼ ਭਰ ‘ਚ ਫੈਲਿਆ ਅੰਦੋਲਨ

0
89

ਨਵੀਂ ਦਿੱਲੀ (TLT) ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਮੁੜ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ। ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਲਾਮਬੰਦੀ ਕੀਤੀ ਹੈ ਜਿਸ ਕਰਕੇ 26 ਮਾਰਚ ਨੂੰ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲ ਸਕਦਾ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵੀਂ ਰਣਨੀਤੀ ਤਹਿਤ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਦੇਸ਼ ਭਰ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ 26 ਮਾਰਚ ਨੂੰ ਭਾਰਤ ਬੰਦ ਦਾ ਅਸਰ ਦਿੱਲੀ ’ਚ ਵੀ ਦਿੱਸੇਗਾ ਤੇ ਐਮਰਜੈਂਸੀ ਤੋਂ ਇਲਾਵਾ ਸਾਰੀਆਂ ਸੇਵਾਵਾਂ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਜਾਣਗੀਆਂ।

ਮੋਰਚੇ ਦੇ ਲੀਡਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 23 ਮਾਰਚ ਨੂੰ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ, ਦਿੱਲੀ ਦੇ ਆਲੇ ਦੁਆਲੇ ਧਰਨਿਆਂ ਵਾਲੇ ਥਾਵਾਂ ’ਤੇ ਯੂਥ ਕਾਨਫਰੰਸਾਂ ਹੋਣਗੀਆਂ, ਜਿਸ ’ਚ ਦੇਸ਼ ਭਰ ਤੋਂ ਨੌਜਵਾਨ ਪਹੁੰਚਣਗੇ। ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਜੰਮੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਹੁਣ ਦਾਅ ਤੇ ਲੱਗਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨ ਮੁੰਡੇ ਤੇ ਕੁੜੀਆਂ ਪਹਿਲਾਂ ਹੀ ਇਸ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਭਗਤ ਸਿੰਘ ਦੇ ਵਿਚਾਰਾਂ ਦੀ ਪਾਲਣਾ ਕਰਦਿਆਂ ਨੌਜਵਾਨ 23 ਮਾਰਚ ਨੂੰ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੇ ਹੱਕ ਦੀ ਲੜਾਈ ਲਈ ਦਿੱਲੀ ਬਾਰਡਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਉੜੀਸਾ ਦੇ ਜਮੁਨਾ ਪੋਸੀ ਖੇਤਰ ਵਿੱਚ ਕਿਸਾਨ ਅਧਿਕਾਰ ਯਾਤਰਾ ਨੂੰ ਖੇਤਰੀ ਪੱਧਰ ’ਤੇ ਭਾਰੀ ਸਮਰਥਨ ਮਿਲ ਰਿਹਾ ਹੈ।