ਨਗਰ ਕੌਂਸਲ ਚੋਣਾਂ ਲਈ ਕਾਗ਼ਜ਼ ਭਰਨ ਤੋਂ ਕਾਂਗਰਸ ਵਲੋਂ ਧੱਕੇ ਨਾਲ ਰੋਕੇ ਜਾ ਰਹੇ ਹਨ ‘ਆਪ’ ਉਮੀਦਵਾਰ

0
140

ਜਲਾਲਾਬਾਦ, 1 ਫਰਵਰੀ (TLT)- ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਸ਼ਹਿ ‘ਤੇ ਵੱਡੀ ਗਿਣਤੀ ‘ਚ ਪਿੰਡਾਂ ਅਤੇ ਹੋਰ ਪਾਸੇ ਤੋਂ ਆਈ ਹੋਈ ਭੀੜ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ਦੀਆਂ ਚੋਣਾਂ ਲਈ ਕਾਗ਼ਜ਼ ਭਰਨ ਤੋਂ ਰੋਕਿਆ ਜਾ ਰਿਹਾ ਹੈ। ਤਹਿਸੀਲ ਕੰਪਲੈਕਸ ਵਿਖੇ ਵੱਡੀ ਗਿਣਤੀ ‘ਚ ਇਕੱਠੀ ਕੀਤੀ ਗਈ ਭੀੜ ਵਲੋਂ ਉਮੀਦਵਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਕੁਝ ਉਮੀਦਵਾਰਾਂ ਨੂੰ ਤਾਂ ਧੱਕੇ ਨਾਲ ਫੜ ਕੇ ਤਹਿਸੀਲ ਕੰਪਲੈਕਸ ਤੋਂ ਬਾਹਰ ਵੀ ਕੱਢਿਆ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਵਾਰਡ ਨੰ. 2 ਤੋਂ ਉਮੀਦਵਾਰ ਸੰਦੀਪ ਕੁਮਾਰ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਪਵਨ ਕਾਮਰੇਡ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ। ਵਾਰਡ ਨੰ. 15 ਤੋਂ ਉਮੀਦਵਾਰ ਭਗਵਾਨ ਦਾਸ ਦੂਮੜਾ ਨੂੰ ਵੀ ਕਾਗ਼ਜ਼ ਦਾਖਲ ਕਰਨ ਤੋਂ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿਖੇ ਆਮ ਆਦਮੀ ਪਾਰਟੀ ਦੇ ਕਾਗ਼ਜ਼ ਭਰਵਾ ਰਹੇ ਵਕੀਲਾਂ ਦੇ ਚੈਂਬਰ ‘ਚ ਜ਼ਬਰਦਸਤੀ ਵੜ ਕੇ ਫਾਈਲਾਂ ਵੀ ਚੁੱਕੀਆਂ ਗਈਆ ਹਨ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਖ਼ਸ਼ੀਸ਼ ਸਿੰਘ ਕਚੂਰਾ ਦੇ ਚੈਂਬਰ ਤੋਂ ਜ਼ਬਰਦਸਤੀ ਫਾਈਲਾਂ ਚੁੱਕੀਆਂ ਗਈਆ ਹਨ। ਉਨ੍ਹਾਂ ਵਲੋਂ ਉਮੀਦਵਾਰਾਂ ਦੀ ਫਾਈਲਾਂ ਦੇ ਨਾਲ-ਨਾਲ ਹੋਰ ਕੇਸਾਂ ਦੀਆਂ ਫਾਈਲਾਂ ਚੁੱਕਣ ਦੇ ਦੋਸ਼ ਵੀ ਲਗਾਏ ਜਾ ਰਹੇ ਹਨ।