ਗਣਤੰਤਰ ਦਿਵਸ ਦੇ ਮੱਦੇਨਜ਼ਰ ਚਲਾਈ ਤਲਾਸ਼ੀ ਮੁਹਿੰਮ

0
150

  • ਜਲੰਧਰ TLT/ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਨੰਬਰ ਛੇ ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਤਲਾਸ਼ੀ ਅਭਿਆਨ ਚਲਾਇਆ ਜਿਸ ਤਹਿਤ ਅੱਜ ਪੁਲਿਸ ਟੀਮਾਂ ਵੱਲੋਂ ਡਾਗ ਸਕੁਆਇਡ, ਬੰਬ ਨਿਰੋਧਕ ਦਸਤੇ ਸਮੇਤ ਬੱਸ ਸਟੈਂਡ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਤੇ ਪਾਰਕਿੰਗ ਵਿਚ ਕਾਫ਼ੀ ਲੰਮੇ ਸਮੇਂ ਤੋਂ ਖੜੇ ਵਾਹਨਾਂ ਦੀ ਜਾਂਚ ਵੀ ਕੀਤੀ। ਜਾਣਕਾਰੀ ਅਨੁਸਾਰ ਥਾਣਾ 6 ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ, ਬੰਬ ਨਿਰੋਧਕ ਦਸਤਾ ਤੇ ਡਾਗ ਸਕੁਆਇਡ ਦੀ ਟੀਮ ਨਾਲ ਬੱਸ ਸਟੈਂਡ ‘ਚ ਤਲਾਸ਼ੀ ਅਭਿਆਨ ਚਲਾਇਆ। ਪੁਲਿਸ ਟੀਮਾਂ ਵੱਲੋਂ ਬੱਸ ਸਟੈਂਡ ਦੇ ਨੇੜੇ ਦੀਆਂ ਪਾਰਕਿੰਗਾਂ ‘ਚ ਲੰਮੇ ਸਮੇਂ ਤੋਂ ਖੜ੍ਹੇ ਵਾਹਨਾਂ ਦੀ ਵੀ ਤਲਾਸ਼ੀ ਲਈ। ਪੁਲਿਸ ਟੀਮਾਂ ਵੱਲੋਂ ਕਲਾਕ ਰੂਮ ਵਿਚ ਪਏ ਸਾਮਾਨ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਪਾਰਟੀ ਨੇ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਬੱਸਾਂ ਤੇ ਦਿੱਲੀ ਵੱਲ ਜਾਣ ਵਾਲੀਆਂ ਬੱਸਾਂ ਦੀ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ। ਪੁਲਿਸ ਟੀਮਾਂ ਵੱਲੋਂ ਕਈ ਵਿਅਕਤੀਆਂ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ। ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਪਾਰਟੀ ਵੱਲੋਂ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਜੋ ਆਉਣ ਵਾਲੇ ਦਿਨਾਂ ‘ਚ ਵੀ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਦੇ ਆਲੇ ਦੁਆਲੇ ਕੋਈ ਸ਼ੱਕੀ ਵਿਅਕਤੀ ਜਾਂ ਸਾਮਾਨ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾਵੇਗਾ।