ਪ੍ਰਸ਼ਾਸਨ ਨੇ 30500 ਦੇ ਟੀਚੇ ਦੇ ਮੁਕਾਬਲੇ 8 ਮਹੀਨਿਆਂ ਵਿੱਚ 54311 ਟੂਟੀ ਕੁਨੈਕਸ਼ਨ ਮੁਹੱਈਆ ਕਰਵਾਏ : ਘਨਸ਼ਿਆਮ ਥੋਰੀ

0
89

ਡਵੀਜ਼ਨ ਵਿੱਚ ਸਭ ਤੋਂ ਜ਼ਿਆਦਾ ਘਰਾਂ ਨੂੰ ਕਾਰਜਸ਼ੀਲ ਟੂਟੀ ਕੁਨੈਕਸ਼ਨਾਂ ਨਾਲ ਜੋੜਿਆ
ਮੁੱਖ ਸਕੱਤਰ ਨੇ ਵੀਡੀਓ ਕਾਨਫਰੰਸ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਜਲੰਧਰ, 22 ਜਨਵਰੀ (ਰਮੇਸ਼ ਗਾਬਾ)  
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ 30500 ਦੇ ਟੀਚੇ ਦੇ ਮੁਕਾਬਲੇ ਪਿਛਲੇ ਅੱਠ ਮਹੀਨਿਆਂ ਵਿੱਚ 54311 ਘਰਾਂ ਵਿੱਚ ਕਾਰਜਸ਼ੀਲ ਟੂਟੀ ਕੁਨੈਕਸ਼ਨ ਯਕੀਨੀ ਬਣਾ ਕੇ ਜਲੰਧਰ ਡਵੀਜ਼ਨ ਵਿੱਚ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਵਿੱਚ ਹੋਈ ਵੀਡੀਓ-ਕਾਨਫਰੰਸ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਦੇ ਪੇਂਡੂ ਖੇਤਰ ਵਿੱਚ ਕੁੱਲ 2,32,122 ਪਰਿਵਾਰ ਹਨ ਅਤੇ 1,86,113 ਪਰਿਵਾਰ ਪਹਿਲਾਂ ਹੀ ਕਵਰ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ 1 ਅਪ੍ਰੈਲ 2020 ਤੋਂ 31 ਦਸੰਬਰ, 2020 ਤੱਕ 30500 ਘਰਾਂ ਨੂੰ ਕਾਰਜਸ਼ੀਲ ਟੂਟੀ ਕੁਨੈਕਸ਼ਨਾਂ ਨਾਲ ਜੋੜਨ ਦਾ ਟੀਚਾ ਦਿੱਤਾ ਗਿਆ ਸੀ ਪਰ 54311 ਘਰਾਂ ਨੂੰ ਕਾਰਜਸ਼ੀਲ ਟੂਟੀ ਕੁਨੈਕਸ਼ਨਾਂ ਨਾਲ ਜੋੜਨਾ ਯਕੀਨੀ ਬਣਾਇਆ ਗਿਆ ਹੈ , ਜੋ ਕਿ ਜਲੰਧਰ ਡਵੀਜ਼ਨ ਦੇ ਹੋਰ ਜ਼ਿਲ੍ਹਿਆਂ ਨਾਲੋਂ ਸਭ ਤੋਂ ਜ਼ਿਆਦਾ ਹੈ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਬਾਕਾਇਦਾ ਸਮੀਖਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰਾਂ ਅਤੇ ਜੂਨੀਅਰ ਇੰਜੀਨੀਅਰਾਂ ਦੀਆਂ ਠੋਸ ਯਤਨਾਂ ਸਦਕਾ ਇਹ ਕਾਰਜ ਸੰਭਵ ਬਣਿਆ ਹੈ।
ਘਨਸ਼ਿਆਮ ਥੋਰੀ ਨੇ ਵੀਡੀਓ ਕਾਨਫਰੰਸ ਵਿੱਚ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅਗਸਤ 2021 ਤੱਕ ਬਾਕੀ ਰਹਿੰਦੇ ਪੇਂਡੂ ਘਰਾਂ ਨੂੰ ਕਵਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੇ ਘਰਾਂ ਨੂੰ ਲੋੜੀਂਦੀ ਮਾਤਰਾ ਵਿੱਚ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾ ਸਕੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਮੁੱਚੇ 1488 ਪੇਂਡੂ ਸਕੂਲਾਂ ਅਤੇ 1391 ਆਂਗਣਵਾੜੀ ਕੇਂਦਰਾਂ ਨੂੰ ਪਾਈਪ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਚੁੱਕੀ ਹੈ ।
ਉਨ੍ਹਾਂ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਅਧੀਨ ਜ਼ਿਲੇ ਵੱਲੋਂ 131 ਕਰੋੜ ਰੁਪਏ ਦੇ 2047 ਵੱਖ-ਵੱਖ ਕਿਸਮਾਂ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 2013 ਕਾਰਜਾਂ ਦੀ ਪਹਿਲਾਂ ਹੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਇਸੇ ਤਰ੍ਹਾਂ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਅਧੀਨ 120 ਕਰੋੜ ਰੁਪਏ ਦੇ 474 ਕੰਮਾਂ ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ 393 ਕਾਰਜ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਜ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਦਾ ਲਾਭ ਯਕੀਨੀ ਬਣਾ ਕੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਇਹ ਵਿਕਾਸ ਪ੍ਰਾਜੈਕਟ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਅਤੇ ਕਿਸਮਤ ਨੂੰ ਬਦਲ ਦੇਣਗੇ । ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਐਸਡੀਐਮ ਰਾਹੁਲ ਸਿੰਧੂ, ਗੌਤਮ ਜੈਨ, ਸੰਜੀਵ ਕੁਮਾਰ ਸ਼ਰਮਾ, ਡਾ. ਵਿਨੀਤ ਕੁਮਾਰ ਅਤੇ ਡਾ. ਜੈ ਇੰਦਰ ਸਿੰਘ ਅਤੇ ਹੋਰ ਹਾਜ਼ਰ ਸਨ।