ਪੰਜਾਬ ਨੇ ਮਿਲਾਇਆ ਸਿੱਧਾ ਆਸਟਰੇਲੀਆ ਨਾਲ ਹੱਥ, ਰਿਸ਼ਤੇ ਹੋਣਗੇ ਮਜ਼ਬੂਤ

0
69

ਚੰਡੀਗੜ੍ਹ (TLT) ਪੰਜਾਬ ਨੇ ਆਸਟਰੇਲੀਆ ਨਾਲ ਹੱਥ ਮਿਲਾਇਆ ਹੈ। ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓਫੈਰਲ ਏਓ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਵੀਰਵਾਰ ਨੂੰ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਮੁਲਾਕਾਤ ਕੀਤੀ। ਬੁੱਧਵਾਰ ਨੂੰ ਉਨ੍ਹਾਂ ਨੇ ਪੰਜਾਬ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਅਤੇ ਹਾਈ ਕਮਿਸ਼ਨਰ ਨੇ ਕੋਵਿਡ-19 ਤੋਂ ਬਾਅਦ ਆਰਥਿਕ ਵਿਕਾਸ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਤੇ ਆਸਟਰੇਲੀਆ ਦਰਮਿਆਨ ਖੇਤੀਬਾੜੀ, ਪਾਣੀ ਤੇ ਸਿੱਖਿਆ ਦੇ ਖੇਤਰਾਂ ਵਿੱਚ ਆਰਥਿਕ ਸਹਿਯੋਗ ਵਧਾਉਣ ਤੇ ਆਪਸੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਬਾਰੇ ਵਿਚਾਰ ਵਟਾਂਦਰੇ ਕੀਤੇ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀਰਵਾਰ ਦੀ ਆਸਟਰੇਲੀਆ-ਭਾਰਤ ਸਿੱਖਿਆ ਭਾਈਵਾਲੀ ‘ਤੇ ਚਾਨਣਾ ਪਾਇਆ ਤੇ ਭਾਰਤ ਵਿੱਚ ਕੈਂਪਸ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਣ ਕਰਕੇ ਮੁਹਾਲੀ ਨੂੰ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਲਈ ਇੱਕ ਆਦਰਸ਼ ਥਾਂ ਦੱਸਿਆ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਖੇਤੀਬਾੜੀ ਵਿਚ ਖੋਜ ਤੇ ਵਿਕਾਸ ਦੇ ਸਹਿਯੋਗ ਦਾ ਵਿਸਥਾਰ ਕੀਤਾ ਜਾ ਸਕਦਾ ਹੈ।

ਮੀਟਿੰਗ ਦੌਰਾਨ ਸਰਕਾਰੀ ਵਫ਼ਦ ਨੇ ਖੇਤੀਬਾੜੀ ਉਤਪਾਦਾਂ ਜਿਵੇਂ ਕਿੰਨੂ, ਨਾਸ਼ਪਤੀ, ਟਮਾਟਰ, ਆਲੂ ਦੇ ਬੀਜ ਆਦਿ ਵਿੱਚ ਲਿੰਕ ਵਧਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਲਈ ਇਨ੍ਹਾਂ ਖੇਤਰਾਂ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਨਾਲ ਆਸਟਰੇਲੀਆਈ ਕੰਪਨੀਆਂ ਨੂੰ ਵੀ ਪੰਜਾਬ ਵਿੱਚ ਨਿਵੇਸ਼ ਲਈ ਸੱਦਾ ਦਿੱਤਾ ਗਿਆ।