ਬੈਕਫੁੱਟ ‘ਤੇ ਵਟਸਐਪ, ਆਖਿਰ ਨਵੀਂ ਪ੍ਰਾਈਵੇਸੀ ਪਾਲਿਸੀ ਕੀਤੀ ਮੁਲਤਵੀ

0
104

ਹਾਲ ਹੀ ‘ਚ ਵਟਸਐਪ ਕੰਪਨੀ ਦੀ ਪ੍ਰਾਈਵੇਸੀ ਪਾਲਿਸੀ ਨੂੰ ਲੈਕੇ ਮੱਚੀ ਹਾਹਾਕਾਰ ਦੇ ਵਿਚ ਵਟਸਐਪ ਨੇ ਐਲਾਨ ਕੀਤਾ ਕਿ ਉਸ ਨੇ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਲੋਕਾਂ ਦੇ ਵਿਚ ਗਲਤ ਸੂਚਨਾ ਪਹੁੰਚਣ ਕਾਰਨ ਪ੍ਰਾਈਵੇਸੀ ਅਪਡੇਟ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਨਵੀਂ ਪਾਲਿਸੀ ਨੂੰ ਲੈਕੇ ਫੇਸਬੁੱਕ ਦਾ ਭਾਈਵਾਲ ਵਟਸਐਪ ਆਪਣੀ ਸਫਾਈ ਦੇ ਚੁੱਕਾ ਹੈ। ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈਕੇ ਕਿਹਾ ਕਿ ਇਸ ਨਾਲ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਦੇ ਨਾਲ ਹੋਣ ਵਾਲੀ ਨਿੱਜੀ ਚੈਟਿੰਗ ਪ੍ਰਭਾਵਿਤ ਨਹੀਂ ਹੋਵੇਗੀ।

ਵਟਸਐਪ ਨੇ ਕਿਹਾ ਸੀ ਕਿ ਨਵੀਂ ਪਾਲਿਸੀ ਸਿਰਫ਼ ਬਿਜ਼ਨਸ ਅਕਾਊਂਟ ਲਈ ਹੈ। ਵਟਸਐਪ ਨੇ ਟਵੀਟ ਕਰਦਿਆਂ ਕਿਹਾ ਕਿ ਯੂਜ਼ਰਸ ਦੇ ਚੈਟ ਪਹਿਲਾਂ ਦੀ ਤਰ੍ਹਾਂ ਐਂਡ-ਟੂ-ਐਂਡ ਐਂਕ੍ਰਿਪਸ਼ਨ ਦੇ ਨਾਲ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਵਟਸਐਪ ਨੇ ਆਪਣੇ ਬਲੌਗ ‘ਚ ਲਿਖਿਆ ਕਿ 8 ਫਰਵਰੀ ਨੂੰ ਕਿਸੇ ਨੂੰ ਵੀ ਆਪਣਾ ਅਕਾਊਂਟ ਸਸਪੈਂਡ ਜਾਂ ਡਿਲੀਟ ਨਹੀਂ ਕਰਨਾ ਹੋਵੇਗਾ। ਵਟਸਐਪ ‘ਤੇ ਪ੍ਰਾਈਵੇਸੀ ਤੇ ਸਿਕਿਓਰਟੀ ਕਿਵੇਂ ਕੰਮ ਕਰਦੀ ਹੈ। ਇਸ ਬਾਰੇ ਗਲਤ ਜਾਣਕਾਰੀ ਸਹੀ ਕਰਨ ਲਈ ਅਸੀਂ ਬਹੁਤ ਕੁਝ ਕਰਨ ਜਾ ਰਹੇ ਹਾਂ।

ਵਟਸਐਪ ਦੀ ਇਸ ਕਿਰਕਿਰੀ ਦਾ ਫਾਇਦਾ ਸਿਗਨਲ ਐਪ ਨੂੰ ਹੋਇਆ ਹੈ। ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਹੱਲਾ ਹੋਣ ਤੋਂ ਬਾਅਦ ਸਿਗਨਲ ਐਪ ਵੱਡੇ ਪੱਧਰ ‘ਤੇ ਡਾਊਨਲੋਡ ਕੀਤੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਦੇਖਦਿਆਂ ਹੀ ਸਿਗਨਲ ਐਪ ਸਟੋਰ ‘ਤੇ ਵਟਸਐਪ ਨੂੰ ਪਛਾੜ ਕੇ ਭਾਰਤ ‘ਚ ਸਿਖਰਲਾ ਫਰੀ ਐਪ ਬਣ ਗਿਆ।

ਭਾਰਤ ਤੋਂ ਇਲਾਵਾ ਇਹ ਜਰਮਨੀ, ਫਰਾਂਸ, ਆਸਟਰੀਆ, ਫਿਨਲੈਂਡ, ਹਾਂਗਕਾਂਗ ਤੇ ਸਵਿਟਜ਼ਰਲੈਂਡ ‘ਚ ਵਟਸਐਪ ਨੂੰ ਪਛਾੜ ਕੇ ਟੌਪ ‘ਤੇ ਆ ਗਿਆ ਹੈ। ਉੱਥੇ ਹੀ ਜਰਮਨੀ ਤੇ ਹੰਗਰੀ ‘ਚ ਸਿਗਨਲ ਗੂਗਲ ਪਲੇਅ ਸਟੋਰ ‘ਚ ਵੀ ਟੌਪ ਫਰੀ ਐਪ ‘ਚ ਆਪਣੀ ਥਾਂ ਬਣਾਉਣ ‘ਚ ਕਾਮਯਾਬ ਹੋ ਗਿਆ।