ਮੁਕੇਸ਼ ਅੰਬਾਨੀ ਤੋਂ ਬਾਅਦ ਹੁਣ ਰਿਲਾਇੰਸ ਇੰਡਸਟ੍ਰੀਜ਼ ਦੀ ਬਾਦਸ਼ਾਹਤ ਨੂੰ ਵੀ ਖ਼ਤਰਾ

0
181

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਤੋਂ ਬਾਅਦ ਹੁਣ ਰਿਲਾਇੰਸ ਇੰਡਸਟ੍ਰੀਜ਼ ਦੀ ਬਾਦਸ਼ਾਹਤ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਇਸ ਵੇਲੇ ਰਿਲਾਇੰਸ ਦਾ ਮਾਰਕਿਟ ਕੈਪ 1245869.56 ਕਰੋੜ ਰੁਪਏ ਹੈ, ਜਦਕਿ ਟੀਸੀਐਸ ਦਾ ਮਾਰਕਿਟ ਕੈਪ 1170875.36 ਕਰੋੜ ਰੁਪਏ ਹੈ। ਭਾਵ ਟੀਸੀਐਸ ਦਾ ਮਾਰਕਿਟ ਕੈਪ ਰਿਲਾਇੰਸ ਤੋਂ ਸਿਰਫ਼ 75 ਹਜ਼ਾਰ ਕਰੋੜ ਰੁਪਏ ਘੱਟ ਰਹਿ ਗਿਆ ਹੈ।

ਯਾਦ ਰਹੇ ਇੱਕ ਸਮੇਂ ਰਿਲਾਇੰਸ ਦਾ ਮਾਰਕਿਟ ਕੈਪ 16 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ ਪਰ ਬਾਅਦ ’ਚ ਉਸ ’ਚ ਲਗਾਤਾਰ ਗਿਰਾਵਟ ਦਰਜ ਹੋਈ ਹੈ। ਦੂਜੇ ਪਾਸੇ ਟੀਸੀਐਸ (ਟਾਟਾ ਕੰਸਲਟੈਂਸੀ ਸਰਵਿਸੇਜ਼) ਦੇ ਸ਼ੇਅਰਾਂ ’ਚ ਪਿੱਛੇ ਜਿਹੇ ਕਾਫ਼ੀ ਤੇਜ਼ੀ ਆਈ ਹੈ ਤੇ ਇਹ ਆਪਣੇ ਉੱਚਤਮ ਪੱਧਰ ’ਤੇ ਪੁੱਜ ਗਈ ਸੀ। ਹੁਣ ਇਹ ਉਸ ਤੋਂ ਥੋੜ੍ਹੀ ਹੇਠਾਂ ਹੈ।

ਬੀਤੀ 28 ਦਸੰਬਰ ਨੂੰ ਟੀਸੀਐਸ ਦਾ ਮਾਰਕਿਟ ਕੈਪ ਪਹਿਲੀ ਵਾਰ ਵਧ ਕੇ 11 ਲੱਖ ਕਰੋੜ ਰੁਪਏ ਤੋਂ ਪਾਰ ਚਲਾ ਗਿਆ ਸੀ। ਟੀਸੀਐਸ 11 ਲੱਖ ਮਾਰਕਿਟ ਕਲੱਬ ’ਚ ਸ਼ਾਮਲ ਹੋਣ ਵਾਲੀ ਦੂਜੀ ਕੰਪਨੀ ਸੀ। ਇਸ ਤੋਂ ਪਹਿਲਾਂ ਰਿਲਾਇੰਸ ਇੰਡਸਟ੍ਰੀਜ਼ ਨੂੰ ਹੀ ਇਹ ਮੁਕਾਮ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਟੀਸੀਐਸ 5 ਅਕਤੂਬਰ, 2020 ਨੂੰ ਹੀ 10 ਲੱਖ ਕਰੋੜ ਮਾਰਕਿਟ ਕਲੱਬ ਵਿੱਚ ਸ਼ਾਮਲ ਹੋਈ ਸੀ। ਉਸ ਦੌਰਾਨ ਸ਼ੇਅਰ ’ਚ 6 ਫ਼ੀਸਦੀ ਤੋਂ ਵੱਧ ਦੀ ਤੇਜ਼ੀ ਆਈ ਸੀ ਤੇ ਇਹ 2,679 ਦੇ ਭਾਅ ’ਤੇ ਪੁੱਜ ਗਿਆ ਸੀ।

ਬਲੂਮਬਰਗ ਬਿਲੀਅਨਾਇਰ ਸੂਚਕ ਅੰਕ ਮੁਤਾਬਕ ਅੰਬਾਨੀ ਦੀ ਨੈੱਟਵਰਥ ਇਸ ਵੇਲੇ 73.4 ਅਰਬ ਡਾਲਰ ਭਾਵ 5.36 ਲੱਖ ਕਰੋੜ ਰੁਪਏ ਹੈ; ਜਦ ਕਿ ਪਿਛਲੇ ਵਰ੍ਹੇ ਇਹ 90 ਅਰਬ ਡਾਲਰ ਭਾਵ 5.62 ਲੱਖ ਕਰੋੜ ਰੁਪਏ ’ਤੇ ਪੁੱਜ ਗਈ ਸੀ ਪਰ ਰਿਲਾਇੰਸ ਦੇ ਸ਼ੇਅਰਾਂ ’ਚ ਪਿੱਛੇ ਜਿਹੇ ਆਈ ਗਿਰਾਵਟ ਨਾਲ ਉਨ੍ਹਾਂ ਦੀ ਨੈੱਟਵਰਥ ਡਿੱਗੀ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 13ਵੇਂ ਨੰਬਰ ਉੱਤੇ ਚਲੇ ਗਏ ਹਨ।