ਤਪਾ ਦੀ ਬਾਹਰਲੀ ਅਨਾਜ ਮੰਡੀ ‘ਚ ਵੱਡੀ ਗਿਣਤੀ ‘ਚ ਤੋਤੇ ਮਰਨ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ

0
172

ਤਪਾ ਮੰਡੀ, 8 ਜਨਵਰੀ (TLT)- ਤਪਾ ਦੀ ਬਾਹਰਲੀ ਮੰਡੀ ‘ਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਵੱਡੀ ਤਾਦਾਦ ‘ਚ ਮਰੇ ਹੋਏ ਤੋਤੇ ਦੇਖੇ ਗਏ। ਮੌਕੇ ‘ਤੇ ਇਕੱਠੇ ਹੋਏ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਸੋਨੂੰ ਮਾਂਗਟ, ਨੰਬਰਦਾਰ ਬਲਵੰਤ ਸਿੰਘ, ਗੁਰਮੁੱਖ ਸਿੰਘ, ਹਰਦੀਪ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਚੌਕੀਦਾਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਮੰਡੀ ‘ਚ ਲੱਗੇ ਦਰਖਤਾਂ ਦੇ ਨਜ਼ਦੀਕ ਵੱਡੀ ਗਿਣਤੀ ‘ਚ ਤੋਤੇ ਮਰੇ ਪਏ ਹਨ। ਉਨ੍ਹਾਂ ਇਸ ਸਬੰਧੀ ਤਪਾ ਦੇ ਵੈਟਰਨਰੀ ਡਾ. ਸੁਰਜੀਤ ਸਿੰਘ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਵੈਟਰਨਰੀ ਡਾ. ਸੁਰਜੀਤ ਸਿੰਘ ਮੌਕੇ ‘ਤੇ ਪੁੱਜੇ, ਜਿਨ੍ਹਾਂ ਕਿਹਾ ਕਿ ਬਰਨਾਲੇ ਤੋਂ ਵੈਟਰਨਰੀ ਡਾਕਟਰਾਂ ਦੀ ਇਕ ਟੀਮ ਪਹੁੰਚ ਰਹੀ ਹੈ। ਟੀਮ ਵਲੋਂ ਤੋਤਿਆਂ ਦਾ ਪੋਸਟਮਾਰਟਮ ਕਰਨ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਦੇ ਮਰਨ ਦਾ ਕੀ ਕਾਰਨ ਹੈ।