ਕੈਨੇਡਾ ਦੀਆਂ ਏਅਰਲਾਈਨਜ਼ ਕੰਪਨੀਆਂ ਨਵੇਂ ਯਾਤਰਾ ਨਿਯਮਾਂ ਨੂੰ ਲਾਗੂ ਕਰਨ ਲਈ ਨਹੀਂ ਹਨ ਪੂਰੀ ਤਰ੍ਹਾਂ ਤਿਆਰ!

0
200

ਔਟਾਵਾ/ TLT/ਕੋਰੋਨਾ ਨੂੰ ਠੱਲ ਪਾਉਣ ਲਈ ਕੈਨੇਡਾ ਵਿੱਚ ਵੀਰਵਾਰ (7 ਜਨਵਰੀ) ਤੋਂ ਨਵੀਆਂ ਆਵਾਜਾਈ ਬੰਦਿਸ਼ਾਂ ਲਾਗੂ ਹੋ ਰਹੀਆਂ ਹਨ, ਜਿਨ੍ਹਾਂ ਤਹਿਤ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ, ਪਰ ਕੈਨੇਡਾ ਦੀਆਂ ਹਵਾਈ ਕੰਪਨੀਆਂ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਨਿਯਮਾਂ ਨੂੰ ਹਾਲ-ਫਿ਼ਲਹਾਲ ਟਾਲ਼ ਦਿੱਤਾ ਜਾਵੇ। ਦੇਸ਼ ਦੀਆਂ ਵੱਡੀਆਂ ਹਵਾਈ ਕੰਪਨੀਆਂ ਦੇ ਸੀਈਓ ਨੇ ਆਵਾਜਾਈ ਮੰਤਰੀ ਮਾਰਕ ਗਾਰਨੋ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਨਵੀਆਂ ਆਵਾਜਾਈ ਬੰਦਿਸ਼ਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਟਾਲ਼ਿਆ ਜਾਵੇ।

‘ਏਅਰ ਕੈਨੇਡਾ’, ‘ਵੈਸਟਜੈੱਟ’, ‘ਏਅਰ ਟਰਾਂਸੈਟ’ ਅਤੇ ‘ਸਨਵਿੰਗ’ ਦੇ ਨਾਲ-ਨਾਲ ਦੋ ਵੱਡੀਆਂ ਵਪਾਰਕ ਐਸੋਸੀਏਸ਼ਨ ਇੰਟਰਨੈਸ਼ਨਲ ਏਅਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਅਤੇ ਨੈਸ਼ਨਲ ਏਅਰਲਾਈਨਜ਼ ਕੌਂਸਲ ਆਫ਼ ਕੈਨੇਡਾ ਨੇ ਹਾਲ ਹੀ ਵਿੱਚ ਆਵਾਜਾਈ ਮੰਤਰੀ ਮਾਰਕ ਗਾਰਨੋ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਨਵਾਂ ਟੈਸਟਿੰਗ ਪ੍ਰੋਟੋਕਾਲ ਲਾਗੂ ਕਰਨ ਦੀ ਜਿਹੜੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ, ਉਸ ’ਚ ਟੈਸਟਿੰਗ ਪ੍ਰੋਟੋਕਾਲ ਲਾਗੂ ਕਰਨਾ ਸੰਭਵ ਨਹੀਂ ਹੈ। ਇਹ ਨਵੇਂ ਨਿਯਮ ਵੀਰਵਾਰ ਦੀ ਬਜਾਏ ਮਹੀਨੇ ਦੇ ਅਖੀਰ ’ਚ ਜਾਂ 18 ਜਨਵਰੀ ਤੋਂ ਲਾਗੂ ਕਰਨੇ ਚਾਹੀਦੇ ਹਨ।

ਹਵਾਈ ਕੰਪਨੀਆਂ ਨੇ ਮੰਤਰੀ ਨੂੰ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਬਿਨਾਂ ਤਾਲਮੇਲ ਅਤੇ ਵਿਚਾਰ-ਵਟਾਂਦਾਰੇ ਦੇ ਐਲਾਨੇ ਗਏ ਨਵੇਂ ਨਿਯਮਾਂ ਕਾਰਨ ਸਾਰੇ ਕਾਫ਼ੀ ਚਿੰਤਤ ਹਨ। ਉਹ ਤੁਰਤ-ਫੁਰਤ ’ਚ ਇਨ੍ਹਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਜਿਸ ਦਾ ਸਿੱਧਾ ਅਸਰ ਕਾਰੋਬਾਰ ਦੇ ਨਾਲ-ਨਾਲ ਯਾਤਰੀਆਂ ‘ਤੇ ਵੀ ਪਵੇਗਾ।