ਦਿੱਲੀ ਅੰਦੋਲਨ ਤੋਂ ਵਾਪਸ ਪਰਤ ਰਹੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

0
108

ਬਾਲਿਆਂਵਾਲੀ, 6 ਜਨਵਰੀ (TLT News)- ਕੇਂਦਰ ਸਰਕਾਰ ਦੇ ਹੈਂਕੜ ਭਰੇ ਰਵੱਈਏ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਮਾਪਿਆਂ ਦੇ ਇਕਲੌਤੇ ਪੁੱਤਰ ਮਨਪ੍ਰੀਤ ਸਿੰਘ (24) ਪੁੱਤਰ ਗੁਰਦੀਪ ਸਿੰਘ ਢਿੱਲੋਂ ਵਾਸੀ ਮੰਡੀ ਕਲਾਂ (ਬਠਿੰਡਾ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਸਮੁੱਚੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ 10-12 ਦਿਨਾਂ ਤੋਂ ਟਰੈਕਟਰ-ਟਰਾਲੀ ਲੈ ਕੇ ਕਿਸਾਨ ਅੰਦੋਲਨ ‘ਚ ਗਿਆ ਹੋਇਆ ਸੀ ਅਤੇ ਉਸ ਦਾ ਟਰੈਕਟਰ ਟਰਾਲੀ ਹਾਲੇ ਵੀ ਉੱਥੇ ਹੀ ਹੈ। ਲੰਘੀ ਰਾਤ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਕੁਝ ਸਾਥੀਆਂ ਸਮੇਤ ਵਾਪਸ ਪਰਤ ਰਿਹਾ ਸੀ, ਜਦ ਉਹ ਪਿੰਡ ਦੇ ਨਜ਼ਦੀਕੀ ਸ਼ਹਿਰ ਮੌੜ ਮੰਡੀ ਦੇ ਨੇੜੇ ਪੁੱਜੇ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਭਾਕਿਯੂ ਡਕੌਂਦਾ ਇਕਾਈ ਪ੍ਰਧਾਨ ਸੁਰਜੀਤ ਸਿੰਘ ਰੋਮਾਣਾ, ਮੀਤ ਪ੍ਰਧਾਨ ਬਲਜਿੰਦਰ ਸਿੰਘ ਭੁੱਲਰ ਅਤੇ ਸੀਨੀਅਰ ਆਗੂ ਨਿਰਮਲ ਸਿੰਘ ਬੂਸਰ ਨੇ ਕਿਹਾ ਕਿ ਉਕਤ ਨੌਜਵਾਨ ਭਾਕਿਯੂ ਡਕੌਂਦਾ ਦੇ ਝੰਡੇ ਹੇਠ ਬੜੇ ਜਨੂੰਨ ਨਾਲ ਕਿਸਾਨ ਅੰਦੋਲਨ ‘ਚ ਕੁੱਦਿਆ ਹੋਇਆ ਸੀ।ਸਰਕਾਰੀ ਬੇਰੁਖ਼ੀ ਕਾਰਨ, ਉਹ ਅੰਦੋਲਨ ਦੌਰਾਨ ਹੀ ਵਾਪਸੀ ਸਮੇਂ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕ ਦੇ ਪਰਿਵਾਰ ਸਿਰ ਚੜੇ ਸਰਕਾਰੀ ਅਤੇ ਗੈਰ ਸਰਕਾਰੀ ਕਰਦੇ ਨੂੰ ਮੁਆਫ਼ ਕਰਕੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰੇ।ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਜਸਵੀਰ ਸਿੰਘ ਨੇ ਕਿਹਾ ਕਿ ਇਸ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਦਰਸ਼ਨ ਸਿੰਘ ਵਲੋਂ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਆਧਾਰਿਤ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ।