ਅਮਰੀਕਾ ‘ਚ ਕੋਰੋਨਾ ਕਾਰਨ ਵਿਗੜੇ ਹਾਲਾਤ, 24 ਘੰਟਿਆਂ ‘ਚ ਰਿਕਾਰਡ 3936 ਲੋਕਾਂ ਦੀ ਮੌਤ

0
124

ਵਾਸ਼ਿੰਗਟਨ,TLT/ : ਅਮਰੀਕਾ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਜੌਨਸ ਹਾਪਕਿੰਸ ਯੂਨੀਵਰਸਿਟੀ (Johns Hopkins University) ਅਨੁਸਾਰ, ਅਮਰੀਕਾ ‘ਚ ਕੋਵਿਡ-19 ਨਾਲ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਟੁੱਟ ਗਿਆ ਹੈ। ਬੀਤੇ 24 ਘੰਟਿਆਂ ‘ਚ ਅਮਰੀਕਾ ‘ਚ ਕੋਰੋਨਾ ਇਨਫੈਕਸ਼ਨ ਕਾਰਨ 3936 ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਦੁਨੀਆ ਭਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ‘ਚ ਹਨ। ਅਮਰੀਕਾ ‘ਚ ਹੁਣ ਤਕ 2 ਕਰੋੜ 10 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3 ਲੱਖ 57 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ‘ਚ ਸੰਭਾਵਨਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਉਦੋਂ ਇੰਝ ਲਗਦਾ ਸੀ ਕਿ ਸ਼ਾਇਦ ਇਹ ਅੰਕੜਾ ਕਾਫੀ ਵੱਡਾ ਹੈ ਪਰ ਹੁਣ ਅਮਰੀਕਾ ਮੌਤਾਂ ਦੇ ਇਸ ਅੰਕੜੇ ਤੋਂ ਕਾਫੀ ਅੱਗੇ ਨਿਕਲ ਗਿਆ ਹੈ। ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਆਉਣ ਤੋਂ ਬਾਅਦ ਇਹ ਅੰਕੜਾ ਹੁਣ ਕਿੱਥੇ ਜਾ ਕੇ ਰੁਕੇਗਾ, ਸ਼ਾਇਦ ਹੀ ਕੋਈ ਇਸ ਦਾ ਅੰਦਾਜ਼ਾ ਲਗਾ ਸਕੇ।