ਜਲੰਧਰ ਕੈਂਟ ‘ਚ ਸੈਨਾ ਦੀ ਭਰਤੀ ਰੈਲੀ ਸ਼ੁਰੂ

0
181

ਜਲੰਧਰ ਛਾਉਣੀ,TLT/-ਜਲੰਧਰ ਕੈਂਟ ‘ਚ ਸਥਿਤ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਦੇ ਮੈਦਾਨ ‘ਚ 5 ਜ਼ਿਲਿ੍ਹਆਂ ਦੇ ਨੌਜਵਾਨਾਂ ਦੀ ਸੈਨਾ ‘ਚ ਭਰਤੀ ਰੈਲੀ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪਹੁੰਚੇ ਸੈਨਾ ਦੇ ਉੱਚ ਅਧਿਕਾਰੀਆਂ ਵਲੋਂ ਇਸ ਭਰਤੀ ਰੈਲੀ ਨੂੰ ਝੰਡੀ ਦੇ ਕੇ ਆਰੰਭ ਕੀਤਾ ਗਿਆ | ਇਸ ਭਰਤੀ ਰੈਲੀ ‘ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐੱਸ.ਬੀ.ਐੱਸ. ਨਗਰ ਤੇ ਤਰਨਤਾਰਨ ਦੇ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ, ਜਿੰਨ੍ਹਾਂ ਵਲੋਂ ਆਪਣੀ ਸਰੀਰਕ ਤੇ ਲਿਖਤੀ ਪ੍ਰੀਖਿਆ ਦਿੱਤੀ ਜਾਣੀ ਹੈ | ਜਾਣਕਾਰੀ ਦਿੰਦੇ ਹੋਏ ਸੈਨਾ ਦੀ ਮਹਿਲਾ ਲੋਕ ਸੰਪਰਕ ਅਧਿਕਾਰੀ ਗਗਨਦੀਪ ਕੌਰ ਨੇ ਦੱਸਿਆ ਕਿ ਇਸ ਭਰਤੀ ਰੈਲੀ ‘ਚ ਆਉਣ ਵਾਲੇ ਨੌਜਵਾਨਾਂ ਨੂੰ ਆਪਣੀ ਦੋ ਦਿਨ ਪਹਿਲਾਂ ਦੀ ਕੋਰੋਨਾ ਰਿਪੋਰਟ ਲਿਆਉਣ ਲਈ ਕਿਹਾ ਗਿਆ ਹੈ, ਜੋ ਕਿ ਕਿਸੇ ਸਰਕਾਰੀ ਡਾਕਟਰ ਵਲੋਂ ਹੀ ਦਿੱਤੀ ਗਈ ਹੋਵੇ | ਉਨ੍ਹਾਂ ਦੱਸਿਆ ਕਿ ਇਹ ਭਰਤੀ ਰੈਲੀ ਸੈਨਾ ‘ਚ ਜਵਾਨਾਂ, ਟੈਕਨੀਕਲ ਜਵਾਨ, ਕਲਰਕ, ਸਟੋਰ ਕੀਪਰ, ਨਰਸਿੰਗ ਸਹਾਇਕ ਤੇ ਹੋਰ ਕਈ ਅਹੁਦਿਆਂ ਲਈ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ‘ਚ ਪੰਜਾਬ ਦੇ 5 ਜ਼ਿਲਿ੍ਹਆਂ ‘ਚੋਂ ਕਰੀਬ 32 ਹਜ਼ਾਰ ਨੌਜਵਾਨਾਂ ਦੇ ਹਿੱਸਾ ਲੈਣ ਦਾ ਅੰਦਾਜਾ ਹੈ |
ਭਰਤੀ ਹੋਣ ਆਏ ਨੌਜਵਾਨਾਂ ਨੂੰ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੇ ਦਿੱਤਾ ਆਸਰਾ
ਇੱਥੇ ਇਹ ਵੀ ਦੱਸਣਯੋਗ ਹੈ ਕਿ ਛਾਉਣੀ ‘ਚ ਚੱਲ ਰਹੀ ਸੈਨਾ ਦੀ ਭਰਤੀ ਰੈਲੀ ‘ਚ ਹਿੱਸਾ ਲੈਣ ਆਉਣ ਵਾਲੇ ਨੌਜਵਾਨ ਰਾਤ ਸਮੇਂ ਹੀ ਰਾਮਾ ਮੰਡੀ ਚੌਾਕ ਵਿਖੇ ਪਹੁੰਚ ਜਾਂਦੇ ਹਨ, ਕਿਉਂਕਿ ਸਵੇਰ ਸਮੇਂ ਉਨ੍ਹਾਂ ਦੇ ਸਰੀਰਕ ਤੇ ਲਿਖਤੀ ਟੈਸਟ ਹੋਣੇ ਹੁੰਦੇ ਹਨ, ਪ੍ਰੰਤੁੂ ਇੱਥੇ ਰਾਤ ਰਹਿਣ ਲਈ ਕੋਈ ਵੀ ਥਾਂ ਨਾ ਹੋਣ ਕਾਰਨ ਨੌਜਵਾਨ ਸਾਰੀ ਰਾਤ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ, ਜਿਸ ਕਾਰਨ ਛਾਉਣੀ ਦੇ ਹੀ ਕੁਝ ਧਾਰਮਿਕ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਉਕਤ ਨੌਜਵਾਨਾਂ ਨੂੰ ਮੰਦਿਰਾਂ ਤੇ ਗੁਰੂ ਘਰਾਂ ‘ਚ ਰਾਤ ਰਹਿਣ ਲਈ ਕਮਰੇ ਤੇ ਥਾਂ ਦਿੱਤੀ ਜਾ ਰਹੀ ਹੈ | ਜਲੰਧਰ ਛਾਉਣੀ ਦੇ ਮੁਹੱਲਾ ਨੰਬਰ 17 ‘ਚ ਸਨਾਤਨ ਧਰਮ ਰਾਮਾ ਮੰਦਿਰ ਦੇ ਪ੍ਰਧਾਨ ਕਮਲ ਕੁਮਾਰ ਚੌਹਾਨ ਮੰਦਿਰ ‘ਚ ਰਾਤ ਨੂੰ ਰੁਕਣ ਲਈ ਨੌਜਵਾਨਾਂ ਲਈ ਮੰਦਿਰ ਖੋਲ੍ਹ ਦਿੱਤਾ ਗਿਆ |