ਟਿਕਰੀ ਬਾਰਡਰ ‘ਤੇ ਅੰਦੋਲਨ ਦੌਰਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

0
149

ਜਲਾਲਾਬਾਦ, 2 ਜਨਵਰੀ (TLT)- ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਲਾਲਾਬਾਦ ਨੇੜੇ ਪੈਂਦੇ ਪਿੰਡ ਮਾਹਮੂਜੋਇਆ ਦਾ ਕਿਸਾਨ ਕਸ਼ਮੀਰ ਲਾਲ (68) ਪੁੱਤਰ ਗੁਰਦਾਸ ਬੀਤੀ 1 ਅਕਤੂਬਰ ਤੋਂ ਪੰਜਾਬ ‘ਚ ਸ਼ੁਰੂ ਹੋਏ ਕਿਸਾਨੀ ਸੰਘਰਸ਼ ‘ਚ ਸ਼ੁਰੂ ਤੋਂ ਹੀ ਸ਼ਾਮਿਲ ਸੀ ਅਤੇ ਹੁਣ ਉਹ ਟਿਕਰੀ ਬਾਰਡਰ ‘ਤੇ ਹੋ ਰਹੇ ਅੰਦੋਲਨ ‘ਚ ਸ਼ਾਮਿਲ ਸਨ। ਬੀਤੀ 31 ਦਸੰਬਰ ਦੀ ਰਾਤ ਨੂੰ ਛਾਤੀ ‘ਚ ਦਰਦ ਹੋਣ ‘ਤੇ ਉਨ੍ਹਾਂ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਲਾਤ ਨੂੰ ਦੇਖਦਿਆਂ ਉਨ੍ਹਾਂ ਨੂੰ ਮਾਹਮੂਜੋਇਆ ਵਿਖੇ ਵਾਪਸ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਕਿਸਾਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਆਗੂ ਨਰਿੰਦਰ ਸਿੰਘ ਜੋਗਾ ਨੇ ਦੱਸਿਆ ਕਿ ਕਸ਼ਮੀਰ ਲਾਲ ਕਿਸਾਨੀ ਸੰਘਰਸ਼ ‘ਚ ਸ਼ੁਰੂ ਤੋਂ ਹੀ ਸ਼ਾਮਿਲ ਸਨ ਅਤੇ ਮਾਹਮੂਜੋਇਆ ਟੂਲ ਪਲਾਜ਼ੇ ‘ਤੇ ਚੱਲ ਰਹੇ ਧਰਨੇ ਦੇ ਇੰਚਾਰਜ ਵੀ ਸਨ। ਆਪਣਾ ਫ਼ਰਜ਼ ਸਮਝ ਕੇ ਉਹ ਹਰ ਕੰਮ ‘ਚ ਮੋਢੀ ਸਨ ਅਤੇ ਦਿੱਲੀ ਦੇ ਸੰਘਰਸ਼ ‘ਚ ਸ਼ਾਮਿਲ ਸਨ। ਉਨ੍ਹਾਂ ਦੀ ਅਚਾਨਕ ਮੌਤ ‘ਤੇ ਕਿਸਾਨ ਜਥੇਬੰਦੀਆਂ ਨੂੰ ਵੱਡਾ ਘਾਟਾ ਪਿਆ ਹੈ।