ਰਵਨੀਤ ਬਿੱਟੂ ਵਿਰੁੱਧ 2 ਜਨਵਰੀ ਨੂੰ ਲੁਧਿਆਣਾ ‘ਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰੇਗੀ ਭਾਜਪਾ

0
54

ਚੰਡੀਗੜ੍ਹ, 29 ਦਸੰਬਰ (TLT)- ਪੰਜਾਬ ਭਾਜਪਾ ਵਲੋਂ ਅੱਜ ਚੰਡੀਗੜ੍ਹ ‘ਚ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਬੀਤੀ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੇ ਸਬੰਧ ‘ਚ ਬਠਿੰਡਾ ਵਿਖੇ ਕੀਤੇ ਜਾ ਰਹੇ ਸਮਾਗਮ ਦੌਰਾਨ ਹੋਏ ਹੰਗਾਮੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਅਤੇ ਕਿਹਾ ਕਿ ਸਮਾਗਮ ਦੌਰਾਨ ਸ਼ਰੇਆਮ ਗੁੰਡਾਗਰਦੀ ਹੋਈ ਸੀ। ਉਨ੍ਹਾਂ ਆਖਿਆ ਕਿ ਸਾਰਿਆਂ ਨੂੰ ਪਤਾ ਸੀ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨ ਨਹੀਂ ਸਨ। ਉਨ੍ਹਾਂ ਇਸ ਸਬੰਧ ‘ਚ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਵੀ ਖੜ੍ਹੇ ਕੀਤੇ। ਨਾਲ ਹੀ ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਬਿਆਨ (ਜੇਕਰ ਕਿਸਾਨੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਲਾਸ਼ਾਂ ਦੇ ਢੇਰ ਲਗਾ ਦਿੱਤੇ ਜਾਣਗੇ) ਨੂੰ ਲੈ ਕੇ ਕਿਹਾ ਕਿ ਬਿੱਟੂ ਨੇ ਇਹ ਬਿਆਨ ਕਿਸਾਨ ਅੰਦੋਲਨ ਦੀ ਆੜ ‘ਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਇਸ ਬਿਆਨ ਤੋਂ ਕਾਂਗਰਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਅਸ਼ਵਨੀ ਸ਼ਰਮਾ ਨੇ ਡੀ. ਜੀ. ਪੀ. ਪੰਜਾਬ ਨੂੰ ਬਿੱਟੂ ਵਿਰੁੱਧ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ ਅਤੇ ਬਿੱਟੂ ਦੇ ਇਸ ਬਿਆਨ ਦੇ ਵਿਰੋਧ ‘ਚ ਭਾਜਪਾ ਵਲੋਂ ਭਲਕੇ ਪੂਰੇ ਸੂਬੇ ‘ਚ ਜ਼ਿਲ੍ਹਾ ਪੱਧਰ ‘ਤੇ ਐਸ. ਪੀ. ਦਫ਼ਤਰਾਂ ‘ਚ ਸ਼ਿਕਾਇਤਾਂ ਦਿੱਤੀਆਂ ਜਾਣਗੀਆਂ ਤੇ ਬਿੱਟੂ ਦੇ ਪੁਤਲੇ ਸਾੜੇ ਜਾਣਗੇ। ਨਾਲ ਹੀ ਉਨ੍ਹਾਂ ਇਹ ਵੀ ਆਖਿਆ 2 ਜਨਵਰੀ ਨੂੰ ਲੁਧਿਆਣਾ ‘ਚ ਭਾਜਪਾ ਵਲੋਂ ਅਣਮਿੱਥੇ ਸਮੇਂ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਜਦੋਂ ਰਵਨੀਤ ਬਿੱਟੂ ਵਿਰੁੱਧ ਮਾਮਲਾ ਦਰਜ ਨਹੀਂ ਹੋ ਜਾਂਦਾ, ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।