ਅਗਲੇ 48 ਘੰਟੇ ਠੰਢ ਦਾ ਕਹਿਰ, ਪੰਜਾਬ ‘ਚ ਬਠਿੰਡਾ ਸਭ ਤੋਂ ਠੰਢਾ

0
162

ਚੰਡੀਗੜ੍ਹ (TLT News) ਪਹਾੜਾਂ ਵਿੱਚ ਹੋਈ ਤਾਜ਼ਾ ਬਰਫਬਾਰੀ ਕਾਰਨ ਪੰਜਾਬ ਅੰਦਰ ਸ਼ੀਤ ਲਹਿਰ ਆਪਣਾ ਪੂਰਾ ਜ਼ੋਰ ਵਿਖਾ ਰਹੀ ਹੈ। ਸੋਮਵਾਰ ਨੂੰ ਪਾਰ ਔਸਤ 4 ਡਿਗਰੀ ਦੀ ਗਿਰਾਵਟ ਨਾਲ ਹੇਠਾਂ ਆ ਗਿਆ। ਠੰਢ ਇੰਨੀ ਜ਼ਿਆਦਾ ਹੈ ਕਿ ਜ਼ਿਲ੍ਹਾ ਬਠਿੰਡਾ ‘ਚ ਰਾਤ ਦਾ ਤਾਪਮਾਨ 1.5 ਡਿਗਰੀ ਦਰਜ ਕੀਤਾ ਗਿਆ। ਇਸ ਤਰ੍ਹਾਂ ਫਿਰੋਜ਼ਪੁਰ ‘ਚ ਰਾਤ ਦਾ ਪਾਰਾ ਸਿਰਫ 2.4 ਡਿਗਰੀ ਦਰਜ ਕੀਤਾ ਗਿਆ। ਇਸ ਢੰਗ ਨਾਲ ਪੰਜਾਬ ਦੇ ਕਈ ਇਲਾਕੇ ਸ਼ਿਮਲਾ ਬਣੇ ਹੋਏ ਹਨ।

ਉਧਰ, ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟੇ ‘ਚ ਬੇਹੱਦ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਦੇ ਮੁਤਾਬਕ ਪੂਰਾ ਦਿਨ ਬੱਦਲਵਾਈ ਜਾਰੀ ਰਹੇਗੀ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਸੂਬੇ ‘ਚ ਸ਼ੀਤ ਲਹਿਰ ਚੱਲੇਗੀ। ਇਸ ਨਾਲ ਰਾਤ ਵੇਲੇ ਕੜਾਕੇ ਦੀ ਠੰਢ ਪਏਗੀ ਅਤੇ ਦਿਨ ਵੇਲੇ ਵੀ ਠੰਢੀਆਂ ਹਵਾਵਾਂ ਠਾਰਨਗੀਆਂ। ਮੌਸਮ ਵਿਭਾਗ ਮੁਤਾਬਕ 1 ਤੇ 2 ਜਨਵਰੀ ਨੂੰ ਵੀ ਸੂਰਜ ਨਹੀਂ ਵਿਖੇਗਾ।

ਮੌਸਮ ਵਿਗਿਆਨੀਆਂ ਅਨੁਸਾਰ ਬੱਦਲਵਾਈ ਜਾਰੀ ਰਹੇਗੀ ਤੇ ਸੰਘਣੀ ਧੁੰਦ ਕਾਰਨ ਵਿਜ਼ਿਬਿਲਿਟੀ ਬੇਹੱਦ ਘੱਟ ਰਹੇਗੀ। ਪੰਜਾਬ ਦੇ 12 ਨਾਲੋਂ ਵੱਧ ਜ਼ਿਲ੍ਹਿਆਂ ‘ਚ ਕੋਲਡ ਡੇਅ ਰਹੇਗਾ। ਇਸੇ ਵਿਚਾਲੇ ਪਹਾੜਾਂ ਤੇ ਹੋਣ ਵਾਲੀ ਤਾਜ਼ਾ ਬਰਫਬਾਰੀ ਦਾ ਮੈਦਾਨੀ ਇਲਾਕਿਆਂ ਤੇ ਵੀ ਅਸਰ ਰਹੇਗਾ।

ਹਾਈਵੇਅ ‘ਤੇ ਸਫਰ ਦੌਰਾਨ ਰਹੋ ਚੌਕਸ
ਅਗਲੇ ਹਫਤੇ ਸੰਘਣੀ ਧੁੰਦ ਪੈਣ ਵਾਲੀ ਹੈ ਜਿਸ ਕਾਰਨ ਚੇਤਾਵਨੀ ਦਿੰਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।ਜਿਸ ਵਿੱਚ ਰਾਸ਼ਟਰੀ ਰਾਜ ਮਾਰਗ ‘ਤੇ ਸਫਰ ਦੌਰਾਨ ਵਿਸ਼ੇਸ਼ ਚੌਕਸੀ ਵਰਤਣ ਲਈ ਕਿਹਾ ਗਿਆ ਹੈ।ਵਾਹਨ ਦੀ ਗਤੀ ਹੌਲੀ ਰੱਖਣ ਤੇ ਚੱਲਣ ਤੋਂ ਪਹਿਲਾਂ ਵਾਹਨ ਦੀਆਂ ਲਾਈਟਾਂ ਤੇ ਇੰਡੀਕੇਟਰ ਚਾਲੂ ਕਰਨ ਬਾਰੇ ਕਿਹਾ ਗਿਆ ਹੈ।