ਪੰਜਾਬ ‘ਚ ਕ੍ਰਿਸਮਸ ‘ਤੇ ਨਹੀਂ ਹੋਣਗੇ ਵਿਸ਼ੇਸ਼ ਆਯੋਜਨ, ਜਾਣੋ ਕੀ ਹੈ ਗਾਈਡਲਾਈਨ

0
159

ਚੰਡੀਗੜ੍ਹ TLT/ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਪੈਦਾ ਹਾਲਾਤ ਦਾ ਅਸਰ ਹੁਣ ਪੰਜਾਬ ਤੇ ਚੰਡੀਗੜ੍ਹ ‘ਚ ਕ੍ਰਿਸਮਸ ‘ਤੇ ਵੀ ਪਵੇਗਾ। ਕ੍ਰਿਸਮਸ ਦੇ ਮੌਕੇ ਸੂਬੇ ‘ਚ ਕਿਤੇ ਕੋਈ ਸਮਾਗਮ ਨਹੀਂ ਹੋਵੇਗਾ ਤੇ ਚਰਚਾਂ ‘ਚ ਸਿਰਫ਼ ਪ੍ਰਾਰਥਨਾ ਹੋਣਗੀਆਂ। ਪੰਜਾਬ ਸਰਕਾਰ ਨੇ ਇਸ ਲਈ ਕੋਈ ਵੱਖ ਤੋਂ ਗਾਈਡਲਾਈਨ ਨਹੀਂ ਜਾਰੀ ਕੀਤੀ ਹੈ ਪਰ ਸਥਾਨਕ ਪ੍ਰਸ਼ਾਸਨ ਨੇ ਕ੍ਰਿਸਮਸ ਸਮਾਗਮਾਂ ਨੂੰ ਲੈ ਕੇ ਇਹਤਿਆਤ ਵਰਤਣ ਨੂੰ ਕਿਹਾ ਹੈ। ਕਈ ਥਾਂ ਗਿਰਜਾਘਰਾਂ ‘ਚ ਆਨਲਾਈਨ ਪ੍ਰਾਰਥਨਾ ਦੀ ਵੀ ਵਿਵਸਥਾ ਕੀਤੀ ਗਈ ਹੈ।ਇਸ ਵਾਰ ਚਰਚ ਦੇ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ ਤੇ ਅੰਦਰ ਆਉਣ ਮੌਕੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਵੀ ਜ਼ਰੂਰੀ ਕਰ ਦਿੱਤੀ ਗਈ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੈਕਟਰ-19 ਦੇ ਕੈਥੋਲਿਕ ਚਰਚ ਦੇ ਫਾਦਰ ਲਾਰੈਂਸ ਬੈਨੇਡਿਕਟ ਨੇ ਕਿਹਾ ਕਿ ਇਸ ਵਾਰ ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਇੱਕ ਵਾਰ ‘ਚ ਚਰਚ ਅੰਦਰ ਸਿਰਫ਼ 50 ਸ਼ਰਧਾਲੂ ਹੀ ਆ ਸਕਣਗੇ ਤੇ ਅੰਦਰ ਮੌਜੂਦ ਸ਼ਰਧਾਲੂਆਂ ਦੇ ਜਾਣ ਤੋਂ ਬਾਅਦ ਹੀ ਦੂਸਰੇ ਸ਼ਰਧਾਲੂਆਂ ਨੂੰ ਅੰਦਰ ਆਉਣ ਦਾ ਮੌਕਾ ਮਿਲੇਗਾ।ਸੈਕਟਰ-18 ‘ਚ ਸਥਿਤ ਚਰਚ ਸੀਐੱਨਆਈ ‘ਚ ਕ੍ਰਿਸਮਸ ਮੌਕੇ ਭੀੜ ਇਕੱਠੀ ਨਾ ਹੋਵੇ ਇਸ ਲਈ ਪ੍ਰਾਰਥਨਾ ਵੀ ਆਨਲਾਈਨ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਦੇ ਡਰ ਨੂੰ ਦੇਖਦਿਆਂ ਹੋਇਆ ਸ਼ਹਿਰ ਦੇ ਗਿਰਜਾ ਘਰਾਂ ‘ਚ ਪ੍ਰੋਗਰਾਮ ਵਿੱਚ ਕਟੌਤੀ ਕੀਤੀ ਗਈ ਹੈ ਤੇ ਇਸ ਵਾਰ ਸ਼ਰਧਾਲੂਆਂ ਨੂੰ ਆਪਣੇ ਘਰਾਂ ‘ਚ ਹੀ ਪ੍ਰੋਗਰਾਮ ਤੇ ਪ੍ਰਾਰਥਨਾ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਚਰਚ ਦੀ ਸਜਾਵਟ ‘ਚ ਵੀ ਘੱਟ ਪੈਸੇ ਖਰਚ ਕੀਤੇ ਜਾਣਗੇ ਤੇ ਬਾਕੀ ਬਚੇ ਪੈਸਿਆਂ ਨਾਲ ਲੋਕਾਂ ਦੀ ਤਕਲੀਫ਼ ਦੂਰ ਕੀਤੀ ਜਾਵੇਗੀ। ਇਹ ਜ਼ਿਕਰਯੋਗ ਹੈ ਕਿ ਹਰ ਸਾਲ ਸ਼ਹਿਰ ਦੇ ਵੱਖ-ਵੱਖ ਗਿਰਜਾ ਘਰਾਂ ‘ਚ ਹਜ਼ਾਰਾਂ ਲੋਕ ਚਰਚ ਪੁੱਜਦੇ ਸਨ ਤੇ ਬੋਨਫਾਇਰ ਨਾਲ ਕ੍ਰਿਸਮਿਸ ਮਨਾਈ ਜਾਂਦੀ ਸੀ ਤੇ ਕੇਕ ਵੀ ਕੱਟਿਆ ਜਾਂਦਾ ਸੀ ਪਰ ਇਸ ਵਾਰ ਅੱਜ 24 ਦਸੰਬਰ ਦੀ ਰਾਤ ਨੂੰ ਚਰਚ ਵਿਚ ਬੋਨਫਾਇਰ ਨਹੀਂ ਕੀਤੀ ਜਾਵੇਗੀ।