ਖੇਤਰੀ ਭਰਤੀ ਦਫ਼ਤਰ ਆਰਓ ਹੈੱਡਕੁਆਰਟਰ ਵੱਲੋਂ ਜਲੰਧਰ ’ਚ ਫੌਜੀ ਭਰਤੀ ਰੈਲੀ 4 ਤੋਂ 31 ਜਨਵਰੀ ਤਕ

0
160

ਜਲੰਧਰ TLT/ਖੇਤਰੀ ਭਰਤੀ ਦਫ਼ਤਰ ਆਰਓ ਹੈੱਡਕੁਆਰਟਰ (ਪੰਜਾਬ ਤੇ ਜੇ ਐਂਡ ਕੇ) ਵੱਲੋਂ ਫ਼ੌਜ ਦੀ ਭਰਤੀ ਰੈਲੀ ਜਲੰਧਰ ਕੈਂਟ ’ਚ 4 ਤੋਂ 31 ਜਨਵਰੀ ਤਕ ਕਰਵਾਈ ਜਾ ਰਹੀ ਹੈ। ਇਹ ਭਰਤੀ ਰੈਲੀ ਜਲੰਧਰ ਕੈਂਟ ਸਥਿਤ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਵੱਲੋਂ ਕੀਤੀ ਜਾਵੇਗੀ, ਜਿਸ ਵਿਚ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਹੁਸ਼ਿਆਰਪੁਰ ਤੇ ਤਰਨਤਾਰਨ ਜ਼ਿਲਿ੍ਹਆਂ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੌਜ ਦੇ ਹੈੱਡਕੁਆਰਟਰ ਦੇ ਭਰਤੀ ਅਧਿਕਾਰੀ ਨੇ ਦੱਸਿਆ ਕਿ ਸਰਦੀ ਦੇ ਮੌਸਮ ਤੇ ਕੋਰੋਨਾ ਤੋਂ ਬਚਾਅ ਲਈ ਭਰਤੀ ਰੈਲੀ ਲਈ ਦਾਖਲਾ ਸਵੇਰੇ 7 ਵਜੇ ਤੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਰਤੀ ਰੈਲੀ ’ਚ ਹਿੱਸਾ ਲੈਣ ਵਾਲੇ ਬਿਨੈਕਾਰਾਂ ਲਈ ਕੋਵਿਡ-19 ਦਾ ਟੈਸਟ ਕਰਵਾ ਕੇ ਨੈਗੇਟਿਵ ਜਾਂ ਲੱਛਣ ਨਾ ਹੋਣ ਦਾ ਸਰਟੀਫਿਕੇਟ ਲਿਆਉਣਾ ਪਵੇਗਾ, ਜੋ ਕਿ ਸਰਕਾਰੀ ਹਸਪਤਾਲ ਦੇ ਗਜ਼ਟਿਡ ਡਾਕਟਰ ਵੱਲੋਂ ਪ੍ਰਮਾਣਿਤ ਹੋਣਾ ਚਾਹੀਦਾ ਹੈ। ਸਰਟੀਫਿਕੇਟ ਵਿਚ ਡਾਕਟਰ ਦਾ ਪੂਰਾ ਨਾਂ, ਮੋਹਰ, ਰਜਿਸਟ੍ਰੇਸ਼ਨ ਨੰਬਰ ਤੇ ਦਸਤਖਤ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਕਤ ਸਰਟੀਫਿਕੇਟ ਲੈ ਕੇ ਆਉਣ ਵਾਲੇ ਬਿਨੈਕਾਰਾਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਰਤੀ ਗਰਾਊਂਡ ’ਚ ਦਾਖਲੇ ਮੌਕੇ ਸਾਰੇ ਬਿਨੈਕਾਰਾਂ ਦੀ ਥਰਮਲ ਜਾਂਚ ਕੀਤੀ ਜਾਵੇਗੀ। ਸ਼ੱਕੀ ਪਾਏ ਜਾਣ ’ਤੇ ਤੈਅ ਕੀਤੇ ਗਏ ਦਿਨ ਨੂੰ ਦੁਬਾਰਾ ਬੁਲਾਇਆ ਜਾਵੇਗਾ, ਜੇਕਰ ਫਿਰ ਵੀ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਬਿਨੈਕਾਰ ਨੂੰ ਭਰਤੀ ਰੈਲੀ ’ਚ ਦਾਖਲਾ ਨਹÄ ਦਿੱਤਾ ਜਾਵੇਗਾ। ਭਰਤੀ ਅਧਿਕਾਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਭਰਤੀ ਰੈਲੀ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਅਤੇ ਬਿਨਾਂ ਕਾਰਨ ਹੀ ਬੱਚਿਆਂ ਨਾਲ ਆ ਕੇ ਭੀੜ ਨਾ ਪਾਉਣ। ਭਰਤੀ ਰੈਲੀ ਬਾਰੇ ਵਧੇਰੇ ਜਾਣਕਾਰੀ ਭਾਰਤੀ ਫੌਜ ਦੀ ਵੈੱਬਸਾਈਟ ’ਤੇ ਵੀ ਮੌਜੂਦ ਹੈ।