ਆੜ੍ਹਤੀਆਂ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ, ਜਾਣੋ ਕਿਸਾਨ ਅੰਦੋਲਨ ਨਾਲ ਕੀ ਸਬੰਧ?

0
121

ਚੰਡੀਗੜ੍ਹ (TLT News) ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੀ ਹਮਾਇਤ ਕਰਨ ਦਾ ਸਿਲ੍ਹਾ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਦਰਅਸਲ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਆੜ੍ਹਤੀਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕਰਨ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿਚ ਵੀਹ ਦੇ ਕਰੀਬ ਆੜ੍ਹਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਦਾ ਸਪਸ਼ਟ ਕਹਿਣਾ ਹੈ ਕਿ ਇਹ ਸਿਰਫ਼ ਕਿਸਾਨ ਸੰਘਰਸ਼ ਦਬਾਉਣ ਦਾ ਯਤਨ ਹੈ ਪਰ ਇਸ ਨੂੰ ਬੂਰ ਨਹੀਂ ਪਵੇਗਾ। ਆੜ੍ਹਤੀਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨੀ ਦੀ ਬਰਬਾਦੀ ਦਾ ਰਾਹ ਹਨ ਇਸ ਲਈ ਇਨ੍ਹਾਂ ਖਿਲਾਫ ਅੰਦੋਲਨ ਜਾਰੀ ਰਹੇਗਾ ਤੇ ਆੜ੍ਹਤੀ ਵੀ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕਰਦੇ ਰਹਿਣਗੇ।

ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਦੇ ਘਰਾਂ, ਦੁਕਾਨਾਂ ਤੇ ਹੋਰ ਕਾਰੋਬਾਰੀ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਰਾਜਪੁਰਾ ਅਤੇ ਨਵਾਂ ਸ਼ਹਿਰ ਸਮੇਤ ਕੁਝ ਹੋਰ ਥਾਵਾਂ ਦੇ ਆੜ੍ਹਤੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਵੱਡੀ ਗਿਣਤੀ ’ਚ ਸੀਆਰਪੀਐਫ ਦੇ ਮੁਲਾਜ਼ਮਾਂ ਵੱਲੋਂ ਆੜ੍ਹਤੀਆਂ ਦੇ ਸ਼ੈਲਰ ‘ਤੇ ਘਰਾਂ ਦੀ ਘੇਰਾਬੰਦੀ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਆੜ੍ਹਤੀਆਂ ਨਾਲ ਇਹ ਵਤੀਰਾ ਇਸ ਲਈ ਕੀਤਾ ਜਾ ਰਿਹਾ ਤਾਂ ਜੋ ਉਨ੍ਹਾ ਦੇ ਪੈਰ ਕਿਸਾਨ ਅੰਦੋਲਨ ਦੀ ਹਮਾਇਤ ਤੋਂ ਪਿੱਛੇ ਮੋੜੇ ਜਾ ਸਕਣ।