ਭਾਰਤ ਸਾਹਮਣੇ ਹੁਣ ਕਈ ਨਵੇਂ ਖ਼ਤਰੇ ਤੇ ਚੁਣੌਤੀਆਂ, ਰੱਖਿਆ ਮੰਤਰੀ ਨੇ ਫੌਜ ਨੂੰ ਕੀਤਾ ਚੌਕਸ

0
139

ਨਵੀਂ ਦਿੱਲੀ (TLT News) ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹੁਣ ਜੰਗ ਲੜਨ ਦਾ ਤਰੀਕਾ ਬਦਲ ਗਿਆ ਹੈ ਤੇ ਨਵੀਂ ਤਰ੍ਹਾਂ ਦੇ ਖ਼ਤਰੇ ਦੇਸ਼ ਦੇ ਸਾਹਮਣੇ ਹਨ। ਉਨ੍ਹਾਂ ਇਸ਼ਾਰਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਭਾਰਤ ਸਾਹਮਣੇ ਕਈ ਨਵੀਂਆਂ ਚੁਣੌਤੀਆਂ ਹੋ ਸਕਦੀਆਂ ਹਨ। ਮੰਤਰੀ ਨੇ ਇਹ ਪ੍ਰਗਟਾਵਾ ‘ਫ਼ੌਜੀ ਸਾਹਿਤ ਮੇਲੇ’ (ਮਿਲਟਰੀ ਲਿਟਰੇਚਰ ਫ਼ੈਸਟੀਵਲ) ਨੂੰ ਸੰਬੋਧਨ ਕਰਦਿਆਂ ਕੀਤਾ। ਕੋਰੋਨਾ ਕਰਕੇ ਰਾਜਨਾਥ ਸਿੰਘ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਵਿੱਚ ਸ਼ਾਮਲ ਹੋਏ।

ਇਹ ਮੇਲਾ ਤਿੰਨ ਦਿਨ ਚੱਲਣਾ ਹੈ ਤੇ ਅੱਜ ਸ਼ੁੱਕਰਵਾਰ ਨੂੰ ਇਸ ਦਾ ਪਹਿਲਾ ਦਿਨ ਹੈ; ਜਿਸ ਦਾ ਥੀਮ ‘ਜੈ ਜਵਾਨ, ਜੈ ਕਿਸਾਨ’ ਰੱਖਿਆ ਗਿਆ ਹੈ। ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਵਿੱਚ ਰਾਸ਼ਟਰੀਅਤਾ ਦੀ ਭਾਵਨਾ ਨਾਲ ਸਾਹਿਤ ਲਿਖਣ ਦੀ ਪੁਰਾਣੀ ਰਵਾਇਤ ਰਹੀ ਹੈ। ਹਿੰਦੀ ਹੋਵੇ ਜਾਂ ਪੰਜਾਬੀ ਜਾਂ ਫਿਰ ਗੁਜਰਾਤੀ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਅਜਿਹੀਆਂ ਸਾਹਿਤਕ ਕ੍ਰਿਤਾਂ ਰਚੀਆਂ ਗਈਆਂ ਹਨ; ਜਿਨ੍ਹਾਂ ਨੇ ਆਪਣੇ ਸਮੇਂ ’ਚ ਲੋਕਾਂ ਅੰਦਰ ਆਪਣੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਜਾਗ੍ਰਿਤ ਕੀਤਾ।

ਰਾਜਨਾਥ ਸਿੰਘ ਨੇ ਕਿਹਾ ਕਿ ਫ਼ੌਜੀ ਸਾਹਿਤ ਨੂੰ ਆਮ ਲੋਕਾਂ ਨਾਲ ਜੋੜਨ ਪਿੱਛੇ ਖ਼ੁਦ ਮੇਰੀ ਡੂੰਘੀ ਦਿਲਚਸਪੀ ਰਹੀ ਹੈ। ਮੇਰੀ ਬਹੁਤ ਇੱਛਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਦੇਸ਼ ਦੇ ਇਤਿਹਾਸ, ਖ਼ਾਸ ਕਰ ਕੇ ਸਰਹੱਦੀ ਇਤਿਹਾਸ ਨੂੰ ਜਾਣਨ ਤੇ ਸਮਝਣ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਬਾਕਾਇਦਾ ਇੱਕ ਕਮੇਟੀ ਬਣਾਈ ਹੈ, ਜੋ ਸਾਡੇ ਸਰਹੱਦੀ ਇਤਿਹਾਸ, ਉਸ ਨਾਲ ਜੁੜੀ ਜੰਗ, ਸੂਰਬੀਰਾਂ ਦੇ ਬਲੀਦਾਨ ਤੇ ਉਨ੍ਹਾਂ ਦੇ ਸਮਰਪਣ ਨੂੰ ਸਰਲ ਤੇ ਸਹਿਜ ਢੰਗ ਨਾਲ ਲੋਕਾਂ ਦੇ ਸਾਹਮਣੇ ਲਿਆਉਣ ਦਾ ਕੰਮ ਕਰ ਰਹੀ ਹੈ। ਫ਼ੌਜੀ ਸਾਹਿਤ ਮੇਲਾ ਹਰ ਸਾਲ ਪੰਜਾਬ ਸਰਕਾਰ ਤੇ ਪੱਛਮੀ ਕਮਾਂਡ ਵੱਲੋਂ ਕਰਵਾਇਆ ਜਾਂਦਾ ਹੈ।