ਅਮਰੀਕੀ ਨੂੰ ਚੀਨ ਤੋਂ ਵੱਡਾ ਖ਼ਤਰਾ! ਰੱਖਿਆ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ, ਬਦਲ ਸਕਦੇ ਹਾਲਾਤ

0
102

ਵਾਸ਼ਿੰਗਟਨ/ ਚੀਨ ਦੀ ਲਗਾਤਾਰ ਵਧਦੀ ਸਰਗਰਮੀ ਉੱਤੇ ਅਮਰੀਕਾ ਦੀ ਬਾਜ਼ ਅੱਖ ਹੈ। ਅਮਰੀਕਾ ਨੇ ਮੰਨਿਆ ਹੈ ਕਿ ਚੀਨ ਤੋਂ ਲੰਮੇ ਸਮੇਂ ਲਈ ਰਣਨੀਤਕ ਖ਼ਤਰਾ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ’ਚ ਅਮਰੀਕੀ ਸਮੁੰਦਰੀ ਜੰਗੀ ਬੇੜੇ ਖ਼ਾਸ ਤੌਰ ਉੱਤੇ ਬੀਜਿੰਗ ਵੱਲੋਂ ਕੀਤੇ ਜਾ ਰਹੀ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦੇ ਜਵਾਬ ਵਿੱਚ ਵਧੇਰੇ ਸਰਗਰਮ ਰਹਿਣਗੇ।

ਅਮਰੀਕੀ ਸਮੁੰਦਰੀ ਫ਼ੌਜ, ਮੇਰੀਨ ਤੇ ਕੋਸਟ ਗਾਰਡ ਲਈ ਇੱਕ ਦਸਤਾਵੇਜ਼ ’ਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਤੇ ਚੀਨ ਦੋਵੇਂ ਪ੍ਰਮੁੱਖ ਖੇਤਰਾਂ ਵਿੱਚ ਸ਼ਕਤੀ ਦੇ ਸੰਤੁਲਨ ਦਾ ਮੁਕਾਬਲਾ ਕਰ ਰਹੇ ਹਨ ਤੇ ਮੌਜੂਦਾ ਵਿਸ਼ਵ ਵਿਵਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦਸਤਾਵੇਜ਼ ਨੇ ਕਿਹਾ ਕਿ ਸਾਡੇ ਵਿਸ਼ਵ ਪੱਧਰ ਉੱਤੇ ਤਾਇਨਾਤ ਸਮੁੰਦਰੀ ਫ਼ੌਜ ਦੇ ਬਲ ਚੀਨੀ ਤੇ ਰੂਸੀ ਜੰਗੀ ਬੇੜਿਆਂ ਤੇ ਹਵਾਈ ਜਹਾਜ਼ਾਂ ਨਾਲ ਰੋਜ਼ਾਨਾ ਗੱਲ ਕਰਦੇ ਹਨ। ਅਮਰੀਕੀ ਦਸਤਾਵੇਜ਼ ਨੂੰ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਵਿੱਚ ਚੀਨ ਦੀਆਂ ਵਧੇਰੇ ਸਰਗਰਮੀਆਂ ਦੇ ਪਿਛੋਕੜ ਵਿੱਚ ਵੇਖਿਆ ਜਾ ਸਕਦਾ ਹੈ, ਜਿੱਥੇ ਬੀਜਿੰਗ ਦੱਖਣੀ ਚੀਨ ਸਾਗਰ ਵਿੱਚ ਕਈ ਟਾਪੂਆਂ ਉੱਤੇ ਖੇਤਰੀ ਅਧਿਕਾਰਾਂ ਦਾ ਦਾਅਵਾ ਕਰਦਾ ਹੈ।

ਅਮਰੀਕੀ ਸਮੁੰਦਰੀ ਫ਼ੌਜ ਨੇ ਇਸ ਖੇਤਰ ਵਿੱਚ ਵਧਦੀ ਚੀਨੀ ਮੌਜੂਦਗੀ ਦਾ ਮੁਕਾਬਲਾ ਕਰਨ ਲਈ ਪ੍ਰਸ਼ਾਂਤ ਖੇਤਰ ਵਿੱਚ ਆਪਣੀ ਮੌਜੂਦਗੀ ਵਧਾਈ ਹੈ। ਉਹ ਲਗਾਤਾਰ ਦੱਖਣੀ ਚੀਨ ਦੇ ਸਮੁੰਦਰ ਵਿੱਚ ‘ਨੇਵੀਗੇਸ਼ਨ ਦੀ ਆਜ਼ਾਦੀ’ ਲਈ ਜੰਗੀ ਬੇੜੇ ਭੇਜ ਰਹੀ ਹੈ। ਭਾਰਤ ਪਿਛਲੇ ਕੁਝ ਮਹੀਨਿਆਂ ’ਚ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (LAC) ਉੱਤੇ ਚੀਨ ਦੀ ਵਿਸਤਾਰਵਾਦੀ ਨੀਤੀ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਪਹਿਲਾਂ ਆਖ ਚੁੱਕੇ ਹਨ ਕਿ ‘ਚੀਨੀ ਵਿਸਤਾਰਵਾਦ ਸਾਡੇ ਵੇਲੇ ਦੀ ਸਭ ਤੋਂ ਵੱਡੀ ਚੁਣੌਤੀ ਹੈ’।