ਸੰਘਣੀ ਧੁੰਦ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

0
72

ਜਲੰਧਰ, TLT/-ਪਹਾੜੀ ਇਲਾਕਿਆਂ ‘ਚ ਹੋਈ ਬਰਫ਼ ਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਛਾਈ ਸੰਘਣੀ ਧੁੰਦ ਨਾਲ ਠੰਢ ਨੇ ਜ਼ੋਰ ਫੜ ਲਿਆ ਹੈ। ਦਿਨ ਵੇਲੇ ਵੀ ਠੰਢ ਦੇ ਵਧਣ ਅਤੇ ਸੰਘਣੀ ਧੁੰਦ ਨਾਲ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ ਅਤੇ ਸੜਕਾਂ ‘ਤੇ ਦੁਰਘਟਨਾਵਾਂ ‘ਚ ਵਾਧਾ ਹੋਇਆ ਹੈ। ਉੱਤਰ ਪੱਛਮੀ ਹਵਾਵਾਂ ਦੇ ਚੱਲਣ ਕਰ ਕੇ ਠੰਢ ਵਧਣ ਨਾਲ ਲੋਕ ਘਰਾਂ ‘ਚ ਰਹਿਣ ਲਈ ਮਜਬੂਰ ਹੋ ਗਏ ਹਨ ਜਿਸ ਕਰ ਕੇ ਬਾਜ਼ਾਰਾਂ ‘ਚ ਰੌਣਕ ਘੱਟ ਗਈ ਹੈ। ਗਾਹਕਾਂ ਦੀ ਆਮਦ ਘੱਟ ਹੋਣ ਕਰ ਕੇ ਪਹਿਲਾਂ ਹੀ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਵਪਾਰ ਨਾਲ ਦੁਕਾਨਦਾਰਾਂ ‘ਚ ਵੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਕਾਰੋਬਾਰ ਘੱਟ ਹੋਣ ਕਰ ਕੇ ਇਸ ਵਾਰ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਬਹੁਤ ਘੱਟ ਸੀ ਪਰ ਪਿਛਲੇ ਦਿਨਾਂ ਤੋਂ ਠੰਢ ਦੇ ਵਧਣ ਨਾਲ ਗਰਮ ਕੱਪੜਿਆਂ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਗ਼ਰੀਬ ਲੋਕ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਕੇ ਗੁਜ਼ਾਰਾ ਚਲਾ ਰਹੇ ਹਨ। ਮੌਸਮ ਵਿਭਾਗ ਵਲ਼ੋਂ ਅਗਲੇ ਕੁੱਝ ਦਿਨ ਹੋਰ ਅਜਿਹਾ ਮੌਸਮ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਠੰਢ ਦੇ ਮੌਸਮ ‘ਚ ਮੂੰਗਫਲੀ ਤੇ ਗੱਚਕ ਦੀ ਮੰਗ ਵੱਧ ਗਈ ਹੈ। ਮਾਹਿਰਾਂ ਅਨੁਸਾਰ ਠੰਢ ਤੋਂ ਬਚਾਅ ਲਈ ਬਿਨਾਂ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ।