ਪਿਕਅਪ ਗੱਡੀ ਪਲਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

0
92

ਅਬੋਹਰ, 11 ਦਸੰਬਰ (TLT News)- ਨੇੜਲੇ ਪਿੰਡ ਦਾਨੇਵਾਲਾ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ‘ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵਧ ਮਜ਼ਦੂਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਿੰਨੂ ਦੀ ਤੁੜਾਈ ਦੇ ਲਈ ਮੰਡੀ ਲਾਧੂਕਾ ਦੇ ਆਸ-ਪਾਸ ਪਿੰਡਾਂ ਦੇ ਮਜ਼ਦੂਰ ਇਕ ਪਿਕਅਪ ਗੱਡੀ ‘ਚ ਸਵਾਰ ਹੋ ਕੇ ਪਿੰਡ ਪੰਜ ਕੋਸੀ ਜਾ ਰਹੇ ਸਨ ਕਿ ਇਸ ਦੌਰਾਨ ਜਦੋਂ ਉਹ ਦਾਨੇਵਾਲਾ ਚੌਕ ‘ਚ ਪੁੱਜੇ ਤਾਂ ਅੱਗੋਂ ਆ ਰਹੇ ਇਕ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹਸਪਤਾਲ ਜਾਂਦੇ ਸਮੇਂ ਦਮ ਤੋੜ ਗਏ। ਇਸ ਹਾਦਸੇ ‘ਚ ਜ਼ਖ਼ਮੀ ਹੋਏ ਦਰਜਨ ਤੋਂ ਵੱਧ ਮਜ਼ਦੂਰਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੋਂ ਡਾਕਟਰ ਉਨ੍ਹਾਂ ਨੂੰ ਇਲਾਜ ਲਈ ਅੱਗੇ ਰੈਫ਼ਰ ਕਰ ਰਹੇ ਹਨ।