ਭਾਰਤ ਤੇ ਗੁਆਂਢੀ ਮੁਲਕ ਵਿਚਾਲੇ ਹਵਾਈ ਸੇਵਾ ਸ਼ੁਰੂ, ਟੂਰਿਸਟ ਵੀਜ਼ਾ ਦੀ ਹਾਲੇ ਇਜਾਜ਼ਤ ਨਹੀਂ

0
108

ਨਵੀਂ ਦਿੱਲੀ (TLT News) ਕੋਰੋਨਾਵਾਇਰਸ ਦੀ ਲਾਗ ਫੈਲਣ ਤੇ ਲੌਕਡਾਊਨ ਦੌਰਾਨ ਬੰਦ ਕੀਤੀ ਗਈ ਭਾਰਤ ਤੇ ਨੇਪਾਲ ਵਿਚਾਲੇ ਹਵਾਈ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਦੋਵੇਂ ਦੇਸ਼ਾਂ ਨੇ ਇਸ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਹੈ। ਦੋਵੇਂ ਪਾਸਿਓਂ ਹਾਲੇ ਇੱਕ-ਇੱਕ ਉਡਾਣ ਹੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਨੇ ਹਵਾਈ ਸੇਵਾ ਮੁੜ ਸ਼ੁਰੂ ਕਰਨ ਉੱਤੇ ਆਪਣੀ ਸਹਿਮਤੀ ਪ੍ਰਗਟਾਈ ਸੀ।

ਭਾਰਤ ਵੱਲੋਂ ਸਿਰਫ਼ ਏਅਰ ਇੰਡੀਆ ਦੀ ਉਡਾਣ ਕਾਠਮੰਡੂ ਲਈ ਰਵਾਨਾ ਹੋਵੇਗੀ; ਜਿਸ ਵਿੱਚ ਭਾਰਤੀ, ਨੇਪਾਲੀ, OCI/PIO ਤੇ ਭਾਰਤੀ ਵੀਜਾ ਵਾਲੇ ਯਾਤਰੀਆਂ ਨੂੰ ਹੀ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ। ਟੂਰਿਸਟ ਵੀਜ਼ਾ ਵਾਲੇ ਯਾਤਰੀਆਂ ਨੂੰ ਹਾਲੇ ਉਡੀਕ ਕਰਨੀ ਹੋਵੇਗੀ।

ਫ਼ਲਾਈਟ ਸਰਵਿਸ ਤਹਿਤ ਸਾਰੇ ਮੈਡੀਕਲ ਪ੍ਰੋਟੋਕੋਲ ਨਾਲ ਏਅਰ ਬਬਲ ਅਧੀਨ ਹਵਾਈ ਸੇਵਾ ਸ਼ੁਰੂ ਹੋਵੇਗੀ। ਵਾਇਰਸ ਫੈਲਣ ਤੇ ਫਿਰ ਲੌਕਡਾਊਨ ਕਾਰਣ ਹਵਾਈ ਸੇਵਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਦੋਵੇਂ ਦੇਸ਼ ਹੁਣ ਮਹਿਸੂਸ ਕਰ ਰਹੇ ਸਨ ਕਿ ਹਵਾਈ ਸੇਵਾ ਮੁੜ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਲੋਕਾਂ ਦਾ ਆਉਣਾ-ਜਾਣਾ ਬਹੁਤ ਜ਼ਰੂਰੀ ਹੈ। ਭਾਰਤ ਤੇ ਨੇਪਾਲ ਨੇ ਹੁਣ ਆਪਸੀ ਸਹਿਯੋਗ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਉੱਤੇ ਵੀ ਆਪਣੀ ਸਹਿਮਤੀ ਪ੍ਰਟਾਈ ਹੈ।