ਅਮਰੀਕਾ ‘ਚ ਰੁਕ ਨਹੀਂ ਰਿਹਾ ਕੋਰੋਨਾ ਦਾ ਕਹਿਰ, ਦੂਜੇ ਦੌਰ ਦੀ ਮਹਾਮਾਰੀ ਜ਼ਿਆਦਾ ਘਾਤਕ

0
104

ਵਾਸ਼ਿੰਗਟਨ (TLT) : ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਰੁੱਕਦਾ ਨਹੀਂ ਦਿਸ ਰਿਹਾ ਹੈ। ਪਹਿਲੇ ਦੌਰ ਦੀ ਤੁਲਨਾ ਵਿਚ ਦੂਜੇ ਦੌਰ ਦੀ ਮਹਾਮਾਰੀ ਜ਼ਿਆਦਾ ਘਾਤਕ ਸਾਬਿਤ ਹੋ ਰਹੀ ਹੈ। ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਹਫ਼ਤੇ ਰੋਜ਼ਾਨਾ ਅੌਸਤਨ ਇਕ ਲੱਖ 93 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ। ਅਮਰੀਕਾ ਵਿਚ ਹੁਣ ਤਕ ਕੁਲ ਇਕ ਕਰੋੜ 49 ਲੱਖ 33 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਿਲੇ ਅਤੇ ਦੋ ਲੱਖ 83 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ। ਇਸ ਦੌਰਾਨ, ਨੈਸ਼ਨਲ ਰੈਸਤਰਾਂ ਐਸੋਸੀਏਸ਼ਨ ਨੇ ਦੱਸਿਆ ਕਿ ਮਹਾਮਾਰੀ ਕਾਰਨ ਦੇਸ਼ ਵਿਚ ਇਕ ਲੱਖ 10 ਹਜ਼ਾਰ ਤੋਂ ਜ਼ਿਆਦਾ ਰੈਸਤਰਾਂ ਬੰਦ ਹੋ ਗਏ।

ਖ਼ਬਰ ਏਜੰਸੀ ਰਾਇਟਰ ਦੇ ਡਾਟਾ ਅਨੁਸਾਰ ਅਮਰੀਕਾ ਵਿਚ ਮਹਾਮਾਰੀ ਸਿਖਰ ‘ਤੇ ਪੁੱਜ ਗਈ ਹੈ। ਪਿਛਲੇ ਹਫ਼ਤੇ ਰੋਜ਼ਾਨਾ ਅੌਸਤਨ ਇਕ ਲੱਖ 93 ਹਜ਼ਾਰ 863 ਪਾਜ਼ੇਟਿਵ ਕੇਸ ਮਿਲੇ ਜਦਕਿ ਬੀਤੇ 24 ਘੰਟਿਆਂ ਦੌਰਾਨ ਕਰੀਬ ਦੋ ਲੱਖ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਸ ਦੇਸ਼ ਵਿਚ ਚਾਰ ਨਵੰਬਰ ਤੋਂ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਿਲ ਰਹੇ ਹਨ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪੀੜਤ ਮਿਲੇ ਹਨ। ਪਹਿਲੇ ਦੌਰ ਦੀ ਮਹਾਮਾਰੀ ਦਾ ਕੇਂਦਰ ਰਹੇ ਇਸ ਸੂਬੇ ਵਿਚ ਬੀਤੇ 24 ਘੰਟਿਆਂ ਵਿਚ 27 ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋਈ। ਇਕ ਦਿਨ ਪਹਿਲੇ 30 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਸਨ। ਕੈਲੀਫੋਰਨੀਆ ਵਿਚ ਮਹਾਮਾਰੀ ਨਾਲ ਨਿਪਟਣ ਲਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਸੂਬੇ ਵਿਚ ਹੁਣ ਤਕ ਕਰੀਬ 14 ਲੱਖ ਮਾਮਲੇ ਮਿਲੇ ਹਨ।

ਰੂਸ ‘ਚ ਪੀੜਤਾਂ ਦਾ ਅੰਕੜਾ 25 ਲੱਖ ਪਾਰ

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਰੂਸ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 25 ਲੱਖ ਦੇ ਪਾਰ ਪੁੱਜ ਗਿਆ ਹੈ। ਕੋਰੋਨਾ ਰਿਸਪਾਂਸ ਸੈਂਟਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਵਿਚ 26 ਹਜ਼ਾਰ 97 ਨਵੇਂ ਮਾਮਲੇ ਮਿਲੇ ਹਨ। ਇਕ ਦਿਨ ਪਹਿਲੇ ਇੱਥੇ 28 ਹਜ਼ਾਰ ਤੋਂ ਜ਼ਿਆਦਾ ਕੇਸ ਮਿਲੇ ਸਨ। ਕੁਲ 44 ਹਜ਼ਾਰ 159 ਪੀੜਤਾਂ ਦੀ ਮੌਤ ਹੋਈ ਹੈ।

ਮੈਕਸੀਕੋ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਇਕ ਲੱਖ 10 ਹਜ਼ਾਰ 74 ਹੋ ਗਈ ਹੈ। ਹੁਣ ਤਕ ਕੁਲ 11 ਲੱਖ 82 ਹਜ਼ਾਰ 249 ਲੋਕ ਕੋਰੋਨਾ ਪ੍ਰਭਾਵਿਤ ਮਿਲੇ।

ਇਟਲੀ : 13 ਹਜ਼ਾਰ 679 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ 17 ਲੱਖ 42 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਕੁਲ 60 ਹਜ਼ਾਰ 606 ਮੌਤ ਹੋਈ ਹੈ।

ਆਸਟ੍ਰੇਲੀਆ : ਮਹਾਮਾਰੀ ਕਾਰਨ ਇੰਟਰਨੈਸ਼ਨਲ ਕਰੂਜ਼ ਦੇ ਨਾਲ ਹੀ ਨਾਗਰਿਕਾਂ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਲੱਗੀ ਰੋਕ ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ।

ਪਾਕਿਸਤਾਨ : ਦੇਸ਼ ਵਿਚ 2,885 ਨਵੇਂ ਕੇਸ ਮਿਲਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਚਾਰ ਲੱਖ 23 ਹਜ਼ਾਰ ਹੋ ਗਈ ਹੈ। ਕੁਲ ਅੱਠ ਹਜ਼ਾਰ 487 ਪੀੜਤਾਂ ਨੇ ਦਮ ਤੋੜਿਆ ਹੈ।