ਕੈਨੇਡਾ ‘ਚ ਰਾਜ ਚੌਹਾਨ ਪਹਿਲੇ ਪੰਜਾਬੀ ਸਪੀਕਰ ਬਣੇ, 1973 ‘ਚ ਪੰਜਾਬ ਤੋਂ ਪਰਿਵਾਰ ਸਣੇ ਆਏ ਸਨ ਕੈਨੇਡਾ

0
119

TLT/ ਬੀਸੀ ਦੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਰਨਬੀ ਐਡਮੰਡਜ਼ ਤੋਂ ਪੰਜਵੀਂ ਵਾਰ ਐੋੱਮਐੱਲਏ ਬਣਨ ਵਾਲੇ ਰਾਜ ਚੌਹਾਨ ਨੂੰ ਸਦਨ ਦਾ ਸਪੀਕਰ ਚੁਣ ਲਿਆ ਗਿਆ। ਉਹ ਕੈਨੇਡੀਅਨ ਇਤਿਹਾਸ ਵਿਚ ਬੀਸੀ ਲੈਜਿਸਲੇਚਰ ਦੇ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਇਮੀਗਰਾਂਟ, ਪੰਜਾਬੀ, ਸਿੱਖ ਅਤੇ ਸਾਊਥ ਏਸ਼ੀਅਨ ਹਨ ਜੋ ਇਸ ਵਕਾਰੀ ਅਹੁਦੇ ਉਪਰ ਪੁੱਜੇ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ 1973 ‘ਚ ਕੈਨੇਡਾ ਪਰਵਾਸ ਕਰਕੇ ਆਇਆ ਸੀ। ਉਨ੍ਹਾਂ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਵਿਚ ਕੰਮ ਕਰਨ ਤੋਂ ਪਹਿਲਾਂ ਖੇਤਾਂ ਵਿਚ ਇਕ ਵਰਕਰ ਵਜੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਪ੍ਰੀਮੀਅਰ ਜੌਹਨ ਹੋਰਗਨ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਪਹਿਲੇ ਸਿੱਖ ਤੇ ਪੰਜਾਬੀ ਬੋਲਣ ਵਾਲੇ ਸਪੀਕਰ ਦੀ ਚੋਣ ਸਾਡੇ ਲਈ ਇਤਿਹਾਸਕ ਪਲ ਹਨ। ਲਿਬਰਲ ਅੰਤ੍ਰਿਮ ਲੀਡਰ ਸ਼ਰਲੀ ਬੌਂਡ ਨੇ ਵੀ ਸਪੀਕਰ ਦੀ ਚੋਣ ਨੂੰ ਇਕ ਸੁਪਨਾ ਸੱਚ ਹੋਣਾ ਦੱਸਿਆ। ਇਸ ਮੌਕੇ ਚੌਹਾਨ ਨੇ ਸਦਨ ਦਾ ਧੰਨਵਾਦ ਕਰਦਿਆਂ ਸਪੀਕਰ ਦੇ ਅਹੁਦੇ ਨੂੰ ਆਪਣੇ ਲਈ ਵੱਡਾ ਮਾਣ ਕਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਦਿਨ ਬਾਰੇ ਕਦੇ ਸੋਚਿਆ ਨਹੀਂ ਸੀ। ਉਨ੍ਹਾਂ ਉਹ ਦਿਨ ਵੀ ਵੇਖੇ ਹਨ ਜਦੋਂ ਕੋਈ ਰੰਗਦਾਰ ਬੰਦਾ ਲੈਜਿਸਲੇਚਰ ਦੀ ਇਮਾਰਤ ਵਿਚ ਦਾਖ਼ਲ ਹੋਣ ਬਾਰੇ ਵੀ ਸੋਚ ਨਹੀਂ ਸੀ ਸਕਦਾ ਪਰ ਸਾਡੇ ਬਜ਼ੁਰਗਾਂ ਨੇ ਕਦੇ ਹਾਰ ਨਹੀਂ ਮੰਨੀ ਤੇ ਉਨ੍ਹਾਂ ਨਿਆਂ ਤੇ ਸਮਾਨਤਾ ਲਈ ਆਪਣਾ ਸੰਘਰਸ਼ ਸਦਾ ਜਾਰੀ ਰੱਖਿਆ।