ਖੇਤੀ ਕਨੂੰਨਾਂ ਖ਼ਿਲਾਫ਼ ਜੰਮੂ ‘ਚ ਵੀ ਉੱਠੀ ਆਵਾਜ਼, ਆਉਣ ਵਾਲੀਆਂ ਚੋਣਾਂ ‘ਚ ਬੀਜੇਪੀ ਨੂੰ ਹੋਵੇਗਾ ਲੋਕਾਂ ਦੇ ਗੁੱਸੇ ਦਾ ਅੰਦਾਜ਼ਾ

0
106

ਜੰਮੂ (TLT News): ਦੇਸ਼ ਭਰ ‘ਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੇ ਸਮਰਥਨ ‘ਚ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਦੇ ਵਰਕਰ ਵੀ ਸ਼ਨੀਵਾਰ ਨੂੰ ਕੁੱਦ ਪਏ। ਕਾਂਗਰਸ ਨੇ ਕਿਹਾ ਕਿ ਨਵਾਂ ਖੇਤੀਬਾੜੀ ਕਾਨੂੰਨ ਕਾਲਾ ਕਾਨੂੰਨ ਹੈ ਜਿਸ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਣਾ ਚਾਹੀਦਾ ਹੈ।

ਜੰਮੂ ਵਿੱਚ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਨਵੇਂ ਖੇਤੀਬਾੜੀ ਕਨੂੰਨ ਖਿਲਾਫ ਭਾਜਪਾ ਦੀ ਨਿੰਦਾ ਕਰਦਿਆਂ ਕਾਂਗਰਸ ਦੇ ਕਾਰਕੁਨਾਂ ਨੇ ਦੋਸ਼ ਲਾਇਆ ਕਿ ਇਹ ਨਵਾਂ ਖੇਤੀਬਾੜੀ ਕਾਨੂੰਨ ਕਾਲਾ ਕਾਨੂੰਨ ਹੈ ਅਤੇ ਆਮ ਕਿਸਾਨ ਇਸ ਦੀ ਪਕੜ ਵਿੱਚ ਆ ਰਹੇ ਹਨ।

ਕਾਂਗਰਸ ਜ਼ਿਲ੍ਹਾ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਯੋਗੇਸ਼ ਸਾਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਵੀ ਕਿਸਾਨਾਂ ਦੇ ਸਮਰਥਨ ‘ਚ ਆ ਰਿਹਾ ਹੈ ਉਹ ਅੱਤਵਾਦੀ ਹੈ, ਜੋ ਕਿ ਬੇਬੁਨਿਆਦ ਦੋਸ਼ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਢੰਗ ਨਾਲ ਸਾਹਮਣੇ ਆ ਰਹੇ ਹਨ ਅਤੇ ਇਹ ਦਰਸਾਉਂਦਾ ਹੈ ਕਿ ਕਿਵੇਂ ਸੂਬੇ ਦੇ ਆਮ ਲੋਕ ਕਾਲੇ ਕਾਨੂੰਨਾਂ ਵਿਰੁੱਧ ਸਟੈਂਡ ਲੈ ਰਹੇ ਹਨ। ਇਸ ਕਾਲੇ ਕਾਨੂੰਨ ਖਿਲਾਫ ਲੋਕਾਂ ਦੇ ਗੁੱਸੇ ਦਾ ਅੰਦਾਜਾ ਭਾਜਪਾ ਲਈ ਆਉਣ ਵਾਲੀਆਂ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਦੇ ਨਤੀਜਿਆਂ ਤੋਂ ਲਗਾਇਆ ਜਾਵੇਗਾ।

ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਕਿਸਾਨ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸਰਹੱਦ ‘ਤੇ ਲਗਾਤਾਰ ਦਸਵੇਂ ਦਿਨ ਡਟੇ ਹੋਏ ਹਨ। ਇਸ ਦੇ ਨਾਲ ਹੀ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਨਾਲ ਕਿਸਾਨਾਂ ਦੇ ਨੁਮਾਇੰਦੇ ਗੱਲਬਾਤ ਦੇ ਪੰਜਵੇਂ ਦੌਰ ਲਈ ਸਰਕਾਰ ਨੂੰ ਮਿਲਣ ਜਾ ਰਹੇ ਹਨ।