ਸਿਹਤ ਦਾ ਖਜ਼ਾਨਾ ਹੈ ਕੱਦੂ ਦੇ ਬੀਜ ਦਾ ਆਟਾ, ਵਧੇਗੀ ਇਮਿਊਨਿਟੀ, ਘੱਟ ਹੋਵੇਗਾ ਭਾਰ

0
79

ਕਣਕ ਦੇ ਆਟੇ ਤੇ ਮੈਦੇ ਨਾਲ ਬਣੇ ਪਕਵਾਨ ਤਾਂ ਤੁਸੀਂ ਕਈ ਵਾਰ ਖਾਧੇ ਹੋਣਗੇ ਪਰ ਕੀ ਕਦੇ ਵੇਸਟ ਸਮਝ ਕੇ ਸੁੱਟੇ ਗਏ ਕੱਦੂ ਦੇ ਬੀਜ ਦੇ ਆਟੇ ਨਾਲ ਬਣੇ ਖੁਰਾਕ ਪਦਾਰਥਾਂ ਦਾ ਸਵਾਦ ਚਖਿਆ ਹੈ? ਇਸ ਆਟੇ ‘ਚ ਸਿਹਤ ਦਾ ਖ਼ਜ਼ਾਨਾ ਲੁਕਿਆ ਹੈ, ਜੋ ਤੁਹਾਡੀ ਇਮਿਊਨਿਟੀ ਵਧਾਉਣ ਤੇ ਭਾਰ ਘੱਟ ਕਰਨ ਦੀ ਸਮਰਥਾ ਰੱਖਦਾ ਹੈ।

ਹੁਣ ਤੁਸੀਂ ਜਲਦ ਹੀ ਇਸ ਆਟੇ ਨਾਲ ਬਣੇ ਪਕਵਾਨਾਂ ਦਾ ਮਜ਼ਾ ਵੀ ਲੈ ਸਕੋਗੇ।

ਪੰਜਾਬ ਖੇਤੀ ਯੂਨੀਵਰਸਿਟੀ (ਪੀਏਯੂ) ਦੇ ਡਿਪਾਰਟਮੈਂਟ ਆਫ ਫੂਡ ਤੇ ਯੂਟ੍ਰੀਸ਼ੀਅਨ ਦੀ ਐਸੋਸੀਏਟ ਪ੍ਰੋਫੈਸਰ ਡਾ. ਸੋਨੀਕਾ ਸ਼ਰਮਾ ਤੇ ਐਡੀਸ਼ਨਲ ਡਾਇਰੈਕਟਰ ਰਿਸਰਚ (ਹਾਰਟੀਕਲਚਰ ਐਂਡ ਫੂਡ ਸਾਇੰਸ) ਡਾ. ਅਜਮੇਰ ਸਿੰਘ ਢੱਟ ਨੇ ਤਿੰਨ ਸਾਲ ਦੀ ਖੋਜ ਦੇ ਬਾਅਦ ਕੱਦੂ ਦੀ ਕਿਸਮ ‘ਪੰਜਾਬ ਸਮਰਾਟ’ ਦੇ ਬੀਜ ਨਾਲ ਆਟਾ ਤਿਆਰ ਕੀਤਾ ਹੈ। ਇਕ ਬੀਜ ਨੂੰ ਭੁੰਨ ਕੇ ਤੇ ਦੂਜਾ ਬੀਜ ਨੂੰ ਬਿਨਾਂ ਭੁੰਨੇ। ਵਿਗਿਆਨੀਆ ਦਾ ਕਹਿਣਾ ਹੈ ਕਿ ਇਸ ਨਾਲ ਲੋਕ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹਨ। ਪੀਏਯੂ ਨੇ ਕੱਦੂ ਦੇ ਆਟੇ ਨਾਲ ਕੇਕ, ਕੁਕੀਜ਼, ਪੰਜੀਰੀ, ਬਿਸਕੁੱਟ, ਮਟਰੀ, ਮੱਠੀ ਤਿਆਰ ਕੀਤੀ ਹੈ।

ਕਣਕ ਦੇ ਆਟੇ ਤੇ ਮੈਦੇ ਦੇ ਮੁਕਾਬਲੇ ‘ਚ ਕੱਦੂ ਦੇ ਬੀਜ ਤੋਂ ਤਿਆਰ ਕੀਤੇ ਗਏ ਆਟੇ ‘ਚ ਪ੍ਰੋਟੀਨ, ਮਿਨਰਲ, ਫੈਟ, ਫਾਈਬਰ, ਜਿੰਕ ਤੇ ਐਨਰਜੀ ਜ਼ਿਆਦਾ ਮਾਤਰਾ ਵਿਚ ਹੈ। ਇਨ੍ਹਾਂ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਖਾਣ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਜਿੰਕ ਤੇ ਆਇਰਨ ਇਮਿਊਨਿਟੀ ਬੂਸਟ ਕਰਨ ‘ਚ ਮਦਦਗਾਰ ਹੈ। ਫਾਈਬਰ ਭਾਰ ਘੱਟ ਕਰਦਾ ਹੈ, ਜਦਕਿ ਪ੍ਰੋਟੀਨ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਐਂਟੀ ਆਕਸੀਡੈਂਟ ਸਰੀਰ ਦੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਪੌਸ਼ਟਿਕ ਖਾਣੇ ‘ਚ ਹਰੇਕ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੋਣੇ ਚਾਹੀਦੇ ਹਨ, ਜੋ ਸਾਰੇ ਕੱਦੂ ਦੇ ਆਟੇ ‘ਚ ਹਨ। ਡਾ. ਸ਼ਰਮਾ ਨੇ ਕਿਹਾ ਕਿ ਕੱਦੂ ਦੇ ਬੀਜ ਤੋਂ ਤਿਆਰ ਕੀਤਾ ਗਿਆ ਆਟਾ ਅੰਨ ਵਪਾਰ ‘ਚ ਨਵੀਂ ਕ੍ਰਾਂਤੀ ਲਿਆਏਗਾ। ਉਥੇ, ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਕਾਲ ‘ਚ ਇਮਿਊਨਿਟੀ ਵਧਾਉਣ ਲਈ ਇਹ ਆਟਾ ਕਾਰਗਰ ਸਾਬਿਤ ਹੋ ਸਕਦਾ ਹੈ।

ਦਿਹਾਤੀ ਇਲਾਕੇ ਦੀਆਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਟੈਕਨਾਲੋਜੀ ਜਗਰਾਓਂ ਦੇ ਸਵਾਦਮ-ਲਾਭ ਪ੍ਰੋਪਰਾਈਟਰ ਨੂੰ ਟਰਾਂਸਫਰ ਕੀਤਾ ਹੈ। ਇਸ ਦੀ ਡਾਇਰੈਕਟਰ ਸ਼ਰੂਤੀ ਗੋਇਲ ਨਾਲ ਇਸ ਨੂੰ ਲੈ ਕੇ ਐੱਮਓਯੂ ਵੀ ਸਾਈਨ ਹੋਇਆ ਹੈ। ਇਸ ਆਟੇ ਨਾਲ ਜੋ ਵੀ ਉਤਪਾਦ ਬਣਨਗੇ, ਉਨ੍ਹਾਂ ‘ਤੇ ਪੀਏਯੂ ਦੀ ਮੋਹਰ ਲੱਗੇਗੀ। ਇਸ ਤੋਂ ਪਹਿਲਾਂ ਸ਼ਰੂਤੀ ਗੋਇਲ ਗੁਲਾਬ ਦੀਆਂ ਪੱਤੀਆਂ ਨਾਲ ਜੈਮ ਤਿਆਰ ਕਰ ਚੁੱਕੇ ਹਨ।

ਕੱਦੂ ਦੇ ਬੀਜ ਦੇ ਆਟੇ ‘ਚ ਮੌਜੂਦ ਪੋਸ਼ਕ ਤੱਤ

ਪੋਸ਼ਕ ਤੱਤ ਮਾਤਰਾ (ਪ੍ਰਤੀ ਸੌ ਗ੍ਰਾਮ)

ਪ੍ਰੋਟੀਨ 23.45 ਫ਼ੀਸਦੀ

ਫੈਟ 31.90 ਫ਼ੀਸਦੀ

ਫਾਈਬਰ 07.56 ਫ਼ੀਸਦੀ

ਮਿਨਰਲ 08.92 ਫ਼ੀਸਦੀ

ਕਾਰਬੋਹਾਈਡ੍ਰੇਟਸ 33.81 ਫ਼ੀਸਦੀ

ਐਨਰਜੀ 516 ਫ਼ੀਸਦੀ

ਆਇਰਨ 7.8 ਫ਼ੀਸਦੀ

ਜਿੰਕ 6.0 ਮਿਲੀ ਗ੍ਰਾਮ