ਭਾਰਤ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਸ ਪ੍ਰਦਰਸ਼ਨ

0
192

ਆਕਲੈਂਡ, 4 ਦਸੰਬਰ (TLT News)- ਭਾਰਤ ‘ਚ ਨਵੇਂ ਬਣੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਧਰਨੇ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਅਤੇ ਭਾਰਤ ਸਰਕਾਰ ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਦਾ ਸੇਕ ਹੁਣ ਨਿਊਜ਼ੀਲੈਂਡ ਤੱਕ ਵੀ ਪਹੁੰਚ ਗਿਆ ਹੈ। ਭਾਰਤ ਤੋਂ ਕਰੀਬ 12 ਹਜ਼ਾਰ ਕਿਲੋਮੀਟਰ ਦੂਰ ਇਸ ਦੇਸ਼ ‘ਚ ਬੈਠੇ ਪੰਜਾਬੀ ਨੌਜਵਾਨਾਂ ਨੇ ਭਾਰਤ ਸਰਕਾਰ ਦੇ ਇਸ ਅੜੀਅਲ ਵਤੀਰੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਹਨ। ਨਿਊਜ਼ੀਲੈਂਡ ‘ਚ ਧਰਤੀ ਦਾ ਸਵਰਗ ਕਹੇ ਜਾਣ ਵਾਲੇ ਸਭ ਤੋਂ ਸੋਹਣੇ ਸ਼ਹਿਰ ਕੁਇਨਜ਼ ਟਾਊਨ ਸਮੇਤ ਟੋਰੰਗਾ, ਡੂਨੀਡਨ ਅਤੇ ਕੁਝ ਹੋਰ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ‘ਚ ਬਹੁ ਗਿਣਤੀ ਹਾਜ਼ਰ ਨੌਜਵਾਨਾਂ, ਪੰਜਾਬੀ ਮੁੰਡੇ-ਕੁੜੀਆਂ ਨੇ ਜਿੱਥੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ, ਉੱਥੇ ਹੀ ਭਾਰਤ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਅਤੇ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ। ਇਸ ਮੌਕੇ ਕੁਇਨਜ਼ ਟਾਊਨ ਵਿਖੇ ਹੋਏ ਧਰਨੇ ‘ਚ ਵਿਵੇਕ, ਅਮਨਪ੍ਰੀਤ ਕੌਰ, ਅਮਨਦੀਪ ਸਿੰਘ, ਰਾਜਵਿੰਦਰ ਕੌਰ, ਮਨਵੀਰ ਕੌਰ, ਮਨਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਜੇਕਰ ਅੱਜ ਨੌਜਵਾਨ ਵਿਦੇਸ਼ਾਂ ਤੱਕ ਪਹੁੰਚੇ ਹਨ ਤਾਂ ਉਨ੍ਹਾਂ ‘ਚ ਬਹੁ-ਗਿਣਤੀ ਉਹ ਹਨ, ਜੋ ਕਿਸਾਨ ਪਰਿਵਾਰਾਂ ‘ਚੋਂ ਹਨ ਅਤੇ ਕਿਸਾਨ ਪਰਿਵਾਰਾਂ ਦੀ ਕਮਾਈ ‘ਤੇ ਹੀ ਇੱਥੋਂ ਤੱਕ ਪਹੁੰਚੇ ਹਨ। ਉਨ੍ਹਾਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਵਿਦੇਸ਼ਾਂ ਤੋਂ ਉਨ੍ਹਾਂ ਦੇ ਨਾਲ ਹਨ ਅਤੇ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ ਕਰਦੇ ਹਨ।