ਪੁੱਡਾ ਨੇ ਚੂਹੜਵਾਲੀ ਤੇ ਜੰਡੂਸਿੰਘਾ ‘ਚ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ‘ਤੇ ਕੀਤੀ ਕਾਰਵਾਈ

0
103

ਜਲੰਧਰ ਛਾਉਣੀ, TLT/-ਜਲੰਧਰ ਦੇ ਦਿਹਾਤੀ ਖੇਤਰਾਂ ‘ਚ ਪੁੱਡਾਂ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਹਿ ‘ਤੇ ਸ਼ਰੇਆਮ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਸਟੇਟ ਵਿਜੀਲੈਂਸ ਦੇ ਧਿਆਨ ‘ਚ ਆਉਣ ਅਤੇ ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੁਣ ਪੁੱਡਾਂ ਦੇ ਕਈ ਅਧਿਕਾਰੀਆਂ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ ਤੇ ਹੁਣ ਉਨ੍ਹਾਂ ਵਲੋਂ ਦਿਖਾਵੇ ਦੇ ਤੌਰ ‘ਤੇ ਕੁਝ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ, ਜਿਸ ਦੇ ਆਧਾਰ ‘ਤੇ ਅੱਜ ਪੁੱਡਾਂ ਦੇ ਅਧਿਕਾਰੀਆਂ ਦੀ ਦੇਖ-ਰੇਖ ‘ਚ ਜੰਡੂਸਿੰਘਾਂ ਅਤੇ ਚੂਹੜਵਾਲੀ ਵਿਖੇ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕਰਦੇ ਹੋਏ ਇੰਨ੍ਹਾਂ ਕਾਲੋਨੀਆਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਸੀ.ਈ.ਓ. ਬਬੀਤਾ ਕਲੇਰ, ਅਨੁਪਮ ਕਲੇਰ, ਨਵਨੀਤ ਕੌਰ ਬੱਲ ਤੇ ਅਭਿਸ਼ੇਕ ਢੱਲ ਦੀ ਦੇਖ ਰੇਖ ‘ਚ ਕੀਤੀ ਗਈ | ਐਸ.ਡੀ.ਓ. ਅਭਿਸ਼ੇਕ ਢੱਲ ਨੇ ਦੱਸਿਆ ਕਿ ਇੰਨ੍ਹਾਂ ‘ਚੋਂ ਇਕ ਕਾਲੋਨੀ 2 ਏਕੜ ਅਤੇ ਦੂਸਰੀ ਕਰੀਬ 1 ਏਕੜ ‘ਚ ਕੱਟੀ ਜਾ ਰਹੀ ਸੀ ਤੇ ਅੱਗੇ ਵੀ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ | ਮਹਿਲਾ ਅਧਿਕਾਰੀ ਬਬੀਤਾ ਕਲੇਰ ਨੇ ਦੱਸਿਆ ਕਿ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਤੇ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬੀਤੇ ਮਹੀਨੇ 40 ਨਾਜਾਇਜ਼ ਕਾਲੋਨੀਆਂ ਦੇ ਮਾਮਲੇ ‘ਚ ਪਰਚੇ ਦਰਜ ਕਰਵਾਏ ਗਏ ਹਨ | ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ‘ਚ ਬੀਤੇ ਕਾਫ਼ੀ ਸਮੇਂ ਤੋਂ ਕੁਝ ਲੋਕਾਂ ਵਲੋਂ ਭਿ੍ਸ਼ਟ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਨਾਜਾਇਜ਼ ਕਾਲੋਨੀਆਂ ਦੇ ਕੱਟਣ ਦਾ ਕਾਰੋਬਾਰ ਧੱੜਲੇ ਨਾਲ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੇ ਖਾਤੇ ‘ਚ ਆਉਣ ਵਾਲੇ ਲੱਖਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਕਾਲੋਨੀ ਕੱਟਣ ਵਾਲੇ ਵਿਅਕਤੀਆਂ ਵਲੋਂ ਜੇਕਰ ਕਾਨੂੰਨੀ ਤੌਰ ‘ਤੇ ਆਪਣੀ ਕਾਲੋਨੀ ਨੂੰ ਫੀਸ ਦੇ ਕੇ ਪਾਸ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਸਰਕਾਰ ਦੇ ਖਾਤੇ ‘ਚ ਲੱਖਾਂ ਰੁਪਏ ਆ ਸਕਦੇ ਹਨ ਪ੍ਰੰਤੂ ਕੁਝ ਭਿ੍ਸ਼ਟ ਅਧਿਕਾਰੀ ਆਪਣੀਆਂ ਜੇਬਾਂ ਭਰਨ ਦੇ ਚੱਕਰ ‘ਚ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਵਾ ਕੇ ਇੰਨ੍ਹਾਂ ਨਾਜਾਇਜ਼ ਕਾਲੋਨੀ ਕੱਟਣ ਵਾਲੇ ਵਿਅਕਤੀਆਂ ਨੂੰ ਫਾਇਦਾ ਪਹੁੰਚਾ ਰਹੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਜਾਗਰੂਕ ਵਿਅਕਤੀ ਵਲੋਂ ਸਟੇਟ ਵਿਜੀਲੈਂਸ ਨੂੰ ਪੁੱਡਾਂ ਦੇ ਅਧਿਕਾਰ ਖੇਤਰਾਂ ‘ਚ ਕੱਟੀਆਂ ਜਾਣ ਵਾਲੀਆਂ ਨਾਜਾਇਜ਼ ਕਾਲੋਨੀਆਂ ਸਬੰਧੀ ਸ਼ਿਕਾਇਤ ਦੇ ਕੇ ਇੰਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਉਪਰੰਤ ਹੁਣ ਪੁੱਡਾ ਦੇ ਅਧਿਕਾਰੀਆਂ ਵਲੋਂ ਨਾਜਾਇਜ਼ ਕਾਲੋਨੀਆਂ ਦੇ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਗਈ ਹੈ, ਜਦੋਂ ਕਿ ਬੀਤੇ ਕਾਫ਼ੀ ਸਮੇਂ ਤੋਂ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਵਿਚ ਤਾਂ ਹੁਣ ਲੋਕਾਂ ਵਲੋਂ ਵੱਡੇ ਪੱਧਰ ‘ਤੇ ਆਪਣੇ ਘਰ ਆਦਿ ਵੀ ਬਣਾ ਲਏ ਗਏ ਹਨ | ਹੁਣ ਦੇਖਣਾ ਇਹ ਹੈ ਕਿ ਪੁੱਡਾ ਦੇ ਅਧਿਕਾਰੀਆਂ ਵਲੋਂ ਇਹ ਕਾਰਵਾਈ ਇਸ ਤਰ੍ਹਾਂ ਹੀ ਜਾਰੀ ਰਹੇਗੀ ਜਾ ਇਸ ਮੁਹਿੰਮ ਨੂੰ ਵੀ ਰੋਕ ਦਿੱਤਾ ਜਾਵੇਗਾ |