ਕਮਿਸ਼ਨਰੇਟ ਪੁਲਿਸ ਨੇ ਖੋਹ ਦੇ ਮਾਮਲੇ ਦੀ ਗੁੱਥੀ ਸੁਲਝਾਈ, ਘਟਨਾ ਦੌਰਾਨ ਬਾਈਕ ਤੋਂ ਡਿਗਣ ਕਾਰਨ ਔਰਤ ਦੀ ਹੋ ਗਈ ਸੀ ਮੌਤ

0
86

46000 ਰੁਪਏ, ਇਕ ਬਾਈਕ, ਮ੍ਰਿਤਕਾ ਦੀ ਯੂਆਈਡੀ ਸਮੇਤ ਤਿੰਨ ਗ੍ਰਿਫ਼ਤਾਰ
ਪੁਲਿਸ ਕਮਿਸ਼ਨਰ ਨੇ ਮ੍ਰਿਤਕਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਚਲਾਨ ਜਲਦੀ ਪੇਸ਼ ਕਰਨ ਦਾ ਦਿਵਾਇਆ ਭਰੋਸਾ
ਮੁਲਜ਼ਮਾਂ ਨੂੰ ਦਬੋਚਣ ਲਈ 21 ਪੁਲਿਸ ਮੁਲਾਜ਼ਮ ਸਨਮਾਨਿਤ, ਡੀਜੀਪੀ ਡਿਸਕ ਐਵਾਰਡ ਲਈ ਕੀਤੀ ਜਾਵੇਗੀ ਨਾਵਾਂ ਦੀ ਸਿਫਾਰਿਸ਼
ਜਲੰਧਰ, 29 ਨਵੰਬਰ/ਰਮੇਸ਼ ਗਾਬਾ/

ਕਮਿਸ਼ਨਰੇਟ ਪੁਲਿਸ ਨੇ ਖੋਹ ਦੇ ਇਕ ਮਾਮਲੇ ਨੂੰ ਸੁਝਲਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਇਕ ਔਰਤ ਕੋਲੋਂ 2.5 ਲੱਖ ਸਮੇਤ ਪਰਸ ਦੀ ਖੋਹ ਕੀਤੀ ਸੀ। ਖੋਹ ਦੀ ਇਸ ਘਟਨਾ ਦੌਰਾਨ ਉਕਤ ਔਰਤ ਦੋਸ਼ੀਆਂ ਦਾ ਮੁਕਾਬਲਾ ਕਰਦੇ ਹੋਏ ਬਾਈਕ ਤੋਂ ਡਿੱਗਣ ਕਾਰਨ ਜਾਨ ਗਵਾ ਬੈਠੀ ਸੀ।
ਮੁਲਜ਼ਮਾਂ ਦੀ ਪਛਾਣ ਅਨਮੋਲ ਉਰਫ ਬਿੱਲਾ (21), ਪਰਮਿੰਦਰ ਸਿੰਘ (24) ਵਾਸੀ ਖਟੀਕਾ ਮੁਹੱਲਾ ਅਤੇ ਅਨਮੋਲ (19) ਵਾਸੀ ਕ੍ਰਿਸ਼ਨਾ ਨਗਰ, ਨੂਰਮਹਿਲ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੀੜਤਾ ਬਲਵਿੰਦਰ ਕੌਰ (55) ਪਿੰਡ ਲੱਖਣ ਕੇ ਪੱਡਾ, ਕਪੂਰਥਲਾ ਆਪਣੇ ਪਤੀ ਬਲਵਿੰਦਰ ਸਿੰਘ (60) ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਹ ਜੋੜਾ 23 ਨਵੰਬਰ ਦੀ ਦੁਪਹਿਰ ਨੂੰ ਆਪਣੀ ਲੜਕੀ ਕੁਲਬੀਰ ਕੌਰ ਨੂੰ ਪਿੰਡ ਚੁਹੇਕੀ, ਜਲੰਧਰ ਵਿਖੇ ਮਿਲਣ ਗਿਆ ਸੀ। ਜਦੋਂ ਉਹ ਆਪਣੇ ਪਿੰਡ ਪਰਤ ਰਹੇ ਸਨ ਅਤੇ ਸਮਰਾਈ ਪਿੰਡ ਨੇੜੇ ਪਹੁੰਚੇ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 2.5 ਲੱਖ ਰੁਪਏ ਵਾਲਾ ਪਰਸ ਅਤੇ ਹੋਰ ਸਮਾਨ ਬਲਵਿੰਦਰ ਕੌਰ ਤੋਂ ਖੋਹ ਲਿਆ। ਉਨ੍ਹਾਂ ਦੱਸਿਆ ਕਿ ਖੋਹ ਦੀ ਇਸ ਘਟਨਾ ਦਾ ਵਿਰੋਧ ਕਰਦਿਆਂ ਪੀੜਤਾ ਬਾਈਕ ਤੋਂ ਡਿੱਗ ਪਈ, ਜਿਸ ਕਾਰਨ ਉਸਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਮੁਲਜ਼ਮ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ, ਜਿਥੋਂ ਉਹ ਪੀੜਤਾ ਨੂੰ ਹਸਪਤਾਲ ਲੈ ਆਈ। ਇਸ ਸਬੰਧੀ ਸਦਰ ਥਾਣਾ ਵਿੱਚ ਆਈਪੀਸੀ ਦੀ ਧਾਰਾ 379-ਬੀ, 323 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ। ਜ਼ਖਮਾਂ ਦੀ ਤਾਅਬ ਨਾ ਝਲਦਿਆਂ ਪੀੜਤਾ ਨੇ 27 ਨਵੰਬਰ ਨੂੰ ਦਮ ਤੋੜ ਦਿੱਤਾ।
ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ, ਜਿਨ੍ਹਾਂ ਵਿੱਚ ਸੀਆਈਏ ਸਟਾਫ -1, ਸਪੈਸ਼ਲ ਆਪ੍ਰੇਸ਼ਨ ਯੂਨਿਟ (ਐਸਓਯੂ) ਅਤੇ ਸਦਰ ਪੁਲਿਸ ਸਟੇਸ਼ਨ ਸ਼ਾਮਿਲ ਸਨ, ਗਠਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਸ਼ਨੀਵਾਰ ਨੂੰ ਆਨ-ਫੀਲਡ, ਤਕਨੀਕੀ ਜਾਂਚ ਅਤੇ ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ 46000 ਰੁਪਏ, ਦੋ ਨਕਲੀ ਚੂੜੀਆਂ, ਜੁਰਮ ਵਿੱਚ ਵਰਤੀ ਗਈ ਬਾਈਕ ਅਤੇ ਪੀੜਤਾ ਦਾ ਯੂਆਈਡੀ ਵੀ ਜ਼ਬਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਧਾਰਾ 302 ਤਹਿਤ ਕਤਲ ਦੇ ਚਾਰਜਿਜ਼ ਵੀ ਲਗਾਏ ਗਏ ਹਨ ਅਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਹੋਰ ਹਿਰਾਸਤ ਦੀ ਮੰਗ ਕੀਤੀ ਜਾਵੇਗੀ।
ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਮ੍ਰਿਤਕਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਪੂਰਨ ਸਹਾਇਤਾ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਜਲਦੀ ਚਲਾਨ ਪੇਸ਼ ਕਰਕੇ ਪਰਿਵਾਰ ਨੂੰ ਜਲਦ ਨਿਆਂ ਯਕੀਨੀ ਬਣਾਏਗੀ। ਪੀੜਤ ਪਰਿਵਾਰ ਨੇ ਵੀ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ।
ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਕੀਤੇ ਠੋਸ ਯਤਨਾਂ ਦੀ ਸ਼ਲਾਘਾ ਕਰਦਿਆਂ ਪੁਲਿਸ ਕਮਿਸ਼ਨਰ ਨੇ 21 ਪੁਲਿਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਦਿੱਤੇ, ਜੋ ਇਨ੍ਹਾਂ ਟੀਮਾਂ ਦਾ ਹਿੱਸਾ ਸਨ । ਉਨ੍ਹਾਂ ਕਿਹਾ ਕਿ ਉਹ ਡੀਜੀਪੀ ਡਿਸਕ ਐਵਾਰਡ ਲਈ ਇਨ੍ਹਾਂ ਦੇ ਨਾਵਾਂ ਦੀ ਸਿਫਾਰਸ਼ ਵੀ ਕਰਨਗੇ।