ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਸੰਸਕ੍ਰਿਤ ‘ਚ ਸਹੁੰ ਚੁੱਕ ਕੇ ਰਚਿਆ ਇਤਿਹਾਸ

0
93

TLT/ ਨਿਊਜ਼ੀਲੈਂਡ ਵਿਚ ਨਵੇਂ ਚੁਣੇ ਗਏ ਨੌਜਵਾਨ ਸੰਸਦ ਮੈਂਬਰਾਂ ਵਿਚੋਂ ਇੱਕ ਡਾਕਟਰ ਗੌਰਵ ਸ਼ਰਮਾ ਨੇ ਦੇਸ਼ ਦੀ ਸੰਸਦ ਵਿਚ ਬੁੱਧਵਾਰ ਨੂੰ ਸੰਸਕ੍ਰਿਤ ਵਿਚ ਸਹੁੰ ਚੁੱਕੀ। ਡਾ. ਸ਼ਰਮਾ ਹਾਲ ਹੀ ਵਿਚ ਨਿਊਜ਼ੀਲੈਡ ਦੇ ਹੈਮਿਲਟਨ ਵੈਸਟ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ।

ਨਿਊਜ਼ੀਲੈਂਡ ਅਤੇ ਸਮੋਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸ਼ੀ ਨੇ ਟਵਿੱਟਰ ‘ਤੇ ਕਿਹਾ ਕਿ ਸ਼ਰਮਾ ਨੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਸਭਿਆਚਾਰਕ ਪੰਰਪਰਾਵਾਂ ਦੇ ਪ੍ਰਤੀ ਡੂੰਘਾ ਸਨਮਾਨ ਜ਼ਾਹਰ ਕਰਦਿਆਂ ਪਹਿਲੇ ਨਿਊਜ਼ੀਲੈਂਡ ਦੀ ਭਾਸ਼ਾ ਮਾਓਰੀ ਵਿਚ ਸਹੁੰ ਚੁੱਕੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਦੀ ਪ੍ਰਾਚੀਨਤਮ ਭਾਸ਼ਾ ਸੰਸਕ੍ਰਿਤ ਵਿਚ ਸਹੁੰ ਚੁੱਕੀ।

ਡਾ. ਗੌਰਵ ਸ਼ਰਮਾ 33 ਵਰ੍ਹਿਆਂ ਦੇ ਹਨ, ਜਿਹਨਾਂ ਦਾ ਸੰਬੰਧ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਾਲ ਹੈ। ਡਾ਼. ਗੌਰਵ ਸ਼ਰਮਾ ਨੇ ਆਕਲੈਂਡ ਤੋਂ ਐੱਮ.ਬੀ.ਬੀ.ਐੱਸ. ਕੀਤੀ ਹੈ ਅਤੇ ਵਾਸ਼ਿੰਗਟਨ ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਹੈ। ਉਹ ਹੈਮਿਲਟਨ ਦੇ ਨੌਟਨ ਵਿਚ ਜਨਰਲ ਪ੍ਰੈਕਟੀਸ਼ਨਰ ਦੇ ਤੌਰ ‘ਤੇ ਕੰਮ ਕਰਦੇ ਹਨ। ਉਹਨਾਂ ਨੇ ਨਿਊਜ਼ੀਲੈਂਡ, ਸਪੇਨ, ਅਮਰੀਕਾ, ਨੇਪਾਲ, ਵੀਅਤਨਾਮ, ਮੰਗੋਲੀਆ, ਸਵਿਟਜ਼ਰਲੈਂਡ ਅਤੇ ਭਾਰਤ ਵਿਚ ਲੋਕ ਸਿਹਤ ਅਤੇ ਨੀਤੀ ਨਿਰਧਾਰਨ ਦੇ ਖੇਤਰ ਵਿਚ ਕੰਮ ਕੀਤਾ ਹੈ।

ਡਾਕਟਰ ਗੋਰਵ ਸ਼ਰਮਾ ਨੇ ਸੰਸਕ੍ਰਿਤ ਭਾਸ਼ਾ ਵਿੱਚ ਹੀ ਕਿਉਂ ਸਹੁੰ ਚੁੱਕੀ ਇਸ ਬਾਰੇ ਉਹਨਾਂ ਦੇ ਟਵਿੱਟਰ ਹੈਂਡਲ ਤੋਂ ਹੀ ਪਤਾ ਚਲ ਗਿਆ । ਟਵਿੱਟਰ ‘ਤੇ ਇਕ ਵਿਅਕਤੀ ਨੇ ਸ਼ਰਮਾ ਤੋਂ ਪੁਛਿਆ ਕਿ ਉਹਨਾਂ ਨੇ ਹਿੰਦੀ ਵਿਚ ਸਹੁੰ ਕਿਉਂ ਨਹੀਂ ਚੁੱਕੀ। ਇਸ ‘ਤੇ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਉਹਨਾਂ ਨੇ ਸੰਸਕ੍ਰਿਤ ਵਿਚ ਸਹੁੰ ਚੁੱਕਣਾ ਸਹੀ ਸਮਝਿਆ, ਜਿਸ ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਮਿਲਿਆ।

ਉਹਨਾਂ ਨੇ ਟਵੀਟ ਕੀਤਾ,’ਈਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ‘ਤੇ ਵਿਚਾਰ ਕੀਤਾ ਸੀ, ਪਰ ਮੇਰੀ ਪਹਿਲੀ ਭਾਸ਼ਾ ਪਹਾੜੀ ਜਾਂ ਪੰਜਾਬੀ ਵਿਚ ਸਹੁੰ ਲੈਣ ਨਾਲ ਸਬੰਧਤ ਸਵਾਲ ਪੈਦਾ ਹੋਇਆ ਸੀ। ਸਾਰਿਆਂ ਨੂੰ ਖੁਸ਼ ਰੱਖਣਾ ਮੁਸ਼ਕਲ ਹੈ। ਸੰਸਕ੍ਰਿਤ ਵਿਚ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਹੁੰਦਾ ਹੈ। ਇਸ ਲਈ ਮੈਂ ਇਸ ਵਿਚ ਸਹੁੰ ਚੁੱਕਣਾ ਸਹੀ ਸਮਝਿਆ।’
ਦੱਸ ਦਈਏ ਕਿ ਨਿਊਜ਼ੀਲੈਂਡ ਦੀ ਸੰਸਦ ਤੱਕ ਪਹੁੰਚਣਾ ਗੌਰਵ ਸ਼ਰਮਾ ਲਈ ਆਸਾਨ ਨਹੀ ਰਿਹਾ। ਉਹਨਾਂ ਨੂੰ 2017 ਦੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ ਉਹਨਾਂ ਨੇ ਨੈਸਨਲ ਪਾਰਟੀ ਦੇ ਟਿਮ ਮਸਿੰਡੋ ਨੂੰ ਹਰਾਇਆ।

ਇੱਥੇ ਦੱਸਣਾ ਬਣਦਾ ਹੈ ਕਿ ਨਿਊਜ਼ੀਲੈਂਡ ਦੀ ਸੰਸਦ ਵਿਚ ਸਹੁੰ ਚੁੱਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਆਪਣੀ ਪਸੰਦ ਅਨੁਸਾਰ ਭਾਸ਼ਾ ਦੀ ਚੋਣ ਕੀਤੀ । ਇਸ ਸਹੁੰ ਚੁੱਕ ਸਮਾਗਮ ‘ਚ 12 ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ।