ਪੰਜਾਬ ‘ਚ ਠੰਢ ਨੇ ਤੋੜਿਆ 10 ਸਾਲ ਦੀ ਰਿਕਾਰਡ, ਨਵੰਬਰ ‘ਚ ਹੀ ਜਨਵਰੀ ਵਾਲਾ ਹਾਲ

0
150

ਚੰਡੀਗੜ੍ਹ (TLT News) ਪੰਜਾਬ (Punjab) ‘ਚ ਐਤਵਾਰ ਸਵੇਰ ਤੋਂ ਮੌਸਮ ਬਦਲਣਾ ਸ਼ੁਰੂ ਹੋਇਆ। ਸਵੇਰੇ ਕੁਝ ਸਮਾਂ ਚੰਗੀ ਧੁੱਪ ਰਹੀ ਪਰ ਦੁਪਹਿਰ ਸਮੇਂ ਬਦਲਵਾਈ ਹੋ ਗਈ ਜਿਸ ਨਾਲ ਸ਼ੀਤ ਲਹਿਰ (Cold Wave) ਦਾ ਦੌਰ ਵੇਖਿਆ ਗਿਆ। ਦੀਵਾਲੀ ਮਗਰੋਂ ਪਏ ਮੀਂਹ ਤੇ ਪਹਾੜਾਂ ‘ਚ ਹੋਈ ਬਰਫਬਾਰੀ ਨੇ ਤਾਪਮਾਨ ਹੇਠਾਂ ਲਿਆਂਦਾ ਹੈ।ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ 10 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜਨਵਰੀ ਦੀ ਠੰਢ ਲੋਕਾਂ ਨੂੰ ਨਵੰਬਰ ਵਿੱਚ ਮਹਿਸੂਸ ਹੋਣੀ ਸ਼ੁਰੂ ਹੋ ਗਈ। ਐਤਵਾਰ ਨੂੰ ਜਲੰਧਰ ਸੂਬੇ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ। ਇੱਥੇ ਘੱਟੋ ਘੱਟ ਤਾਪਮਾਨ 3.6 ਡਿਗਰੀ ਰਿਹਾ। ਪਹਾੜਾਂ ਵਿੱਚ ਬਰਫਬਾਰੀ ਕਾਰਨ ਰਾਤ ਤੇ ਦਿਨ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਹੇਠਾਂ ਚਲਾ ਗਿਆ।ਪੰਜਾਬ ‘ਚ ਨਵੰਬਰ ਵਿਚ ਔਸਤਨ ਘੱਟੋ ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜੋ ਹੁਣ ਤਕ ਦੇ 10 ਸਾਲਾਂ ਵਿਚ ਸਭ ਤੋਂ ਘੱਟ ਹੈ। ਜਨਵਰੀ ਵਿਚ ਘੱਟੋ ਘੱਟ ਤਾਪਮਾਨ 6 ਡਿਗਰੀ ਹੁੰਦਾ ਹੈ, ਪਰ ਇਸ ਵਾਰ ਇਹ ਨਵੰਬਰ ਵਿਚ ਹੋ ਗਿਆ। ਇਸ ਦੇ ਨਾਲ ਹੀ ਸੂਬੇ ‘ਚ ਰਾਤਾਂ ਚੰਡੀਗੜ੍ਹ ਨਾਲੋਂ ਕਾਫ਼ੀ ਠੰਢੀਆਂ ਰਹੀਆਂ। ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਸੂਬੇ ਵਿੱਚ ਘੱਟੋ ਘੱਟ ਤਾਪਮਾਨ 6 ਡਿਗਰੀ ਰਿਹਾ।ਪੀਏਯੂ ਦੇ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਅਜਿਹਾ ਮੌਸਮ ਦੇਖਿਆ ਗਿਆ। ਇਸ ਦੇ ਨਾਲ ਹੀ ਰਾਜ ਵਿਚ 25 ਨਵੰਬਰ ਤੱਕ ਕੁਝ ਹੱਦ ਤਕ ਬੱਦਲ ਛਾਏ ਰਹਿਣਗੇ, ਜਦੋਂਕਿ ਇੱਕ ਜਾਂ ਦੋ ਥਾਂਵਾਂ ‘ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।