ਲਾਪਤਾ ਬੱਚਿਆਂ ਨੂੰ ਲੱਭ ਕੇ ਆਊਟ-ਆਫ਼-ਟਰਨ ਪ੍ਰਮੋਸ਼ਨ ਪਾਉਣ ਵਾਲੀ ਪਹਿਲੀ ਪੁਲਿਸ ਮੁਲਾਜ਼ਮ ਸੀਮਾ ਢਾਕਾ ਦੀ ਮਨੀਸ਼ਾ ਘੁਲਾਟੀ ਵਲੋਂ ਸ਼ਲਾਘਾ

0
58

ਚੰਡੀਗੜ੍ਹ, 19 ਨਵੰਬਰ (TLT News)- ਦਿੱਲੀ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ ਨਵੀਂ ਹੱਲਾਸ਼ੇਰੀ ਯੋਜਨਾ (ਨਿਊ ਇੰਨਸੈਂਟਿਵ ਸਕੀਮ) ਤਹਿਤ ਤਿੰਨ ਮਹੀਨਿਆਂ ਅੰਦਰ ਹੀ ਸਮੇਂ ਤੋਂ ਪਹਿਲਾਂ ਤਰੱਕੀ (ਪ੍ਰਮੋਸ਼ਨ) ਪਾਉਣ ਵਾਲੀ ਪਹਿਲੀ ਪੁਲਿਸ ਮੁਲਾਜ਼ਮ ਬਣ ਗਈ। ਸੀਮਾ ਢਾਕਾ ਨੂੰ 76 ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਲਈ ਇਹ ਆਊਟ-ਆਫ਼-ਟਰਨ ਪ੍ਰਮੋਸ਼ਨ ਦਿੱਤੀ ਗਈ ਹੈ। ਸੀਮਾ ਢਾਕਾ ਦੀ ਇਸ ਪ੍ਰਾਪਤੀ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸ਼ਲਾਘਾ ਕੀਤੀ ਹੈ। ਸੀਮਾ ਢਾਕਾ ਦੀ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਲਿਖਿਆ, ”ਵਾਹ ਜੀ ਵਾਹ!! ਅੱਜ ਰਾਣੀ ਲਕਸ਼ਮੀ ਬਾਈ ਜੀ ਦੇ ਜਨਮ ਦਿਨ ‘ਤੇ ਇਕ ਹੋਰ ਬਹੁਤ ਖ਼ੁਸ਼ ਕਰਨ ਵਾਲੀ ਖ਼ਬਰ ਮਿਲੀ ਹੈ। ਮਿਲੋ, ਹੈੱਡ ਕਾਂਸਟੇਬਲ ਸੀਮਾ ਢਾਕਾ ਜੀ ਨੂੰ ਜੋ ਦਿੱਲੀ ਪੁਲਿਸ ਦੀ ਪਹਿਲੀ ਅਫ਼ਸਰ ਹਨ, ਜਿਨ੍ਹਾਂ ਨੇ ਢਾਈ ਮਹੀਨੇ ਦੇ ਅੰਦਰ-ਅੰਦਰ 76 ਲਾਪਤਾ ਬੱਚਿਆਂ ਨੂੰ ਲੱਭਿਆ, ਜਿਸ ‘ਚੋਂ 56 ਬੱਚੇ 14 ਸਾਲ ਤੋਂ ਘੱਟ ਉਮਰ ਦੇ ਸਨ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਪੁਲਿਸ ਮਹਿਕਮੇ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਕਿਸੇ ਪੁਲਿਸ ਕਰਮੀ ਨੂੰ (ਆਊਟ ਆਫ਼ ਟਰਨ) ਪ੍ਰਮੋਸ਼ਨ ਮਿਲਿਆ ਹੋਵੇ। ਸੀਮਾ ਜੀ ਨੇ ਨਾਬਾਲਗ ਬੱਚਿਆਂ ਨੂੰ ਬਚਾਉਣ ਲਈ ਹੜ੍ਹਾਂ ਦੌਰਾਨ ਬੰਗਾਲ ਦੀਆਂ ਦੋ ਨਦੀਆਂ ਕਿਸ਼ਤੀ ਰਾਹੀਂ ਪਾਰ ਕੀਤੀਆਂ ਤਾਂ ਕਿ ਮਾਸੂਮ ਬੱਚਿਆਂ ਦੀ ਜਾਨ ਬਚਾਈ ਜਾ ਸਕੇ। ਇਸ ਲਈ ਸੀਮਾ ਜੀ ਨੂੰ ਇਸ ਉਪਲਬਧੀ ਲਈ (ਆਊਟ ਆਫ਼ ਟਰਨ) ਪ੍ਰਮੋਸ਼ਨ ਦਿੱਤੀ ਗਈ ਹੈ। ਮੇਰੇ ਵੱਲੋਂ ਸੀਮਾ ਜੀ ਦੇ ਸਾਹਸ ਅਤੇ ਬਹਾਦਰੀ ਨੂੰ ਸਲਾਮ।”