21 ਨਵੰਬਰ ਨੂੰ ਕੈਪਟਨ ਆਨਲਾਈਨ 107 ਹੈਲਥ ਤੇ ਵੈੱਲਨਸ ਕੇਂਦਰਾਂ ਦਾ ਕਰਨਗੇ ਉਦਘਾਟਨ

0
1516

ਅਜਨਾਲਾ, 17 ਨਵੰਬਰ (TLT)- ਪੰਜਾਬ ‘ਚ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਵੀ ਉਸਾਰੂ ਅਤੇ ਸੁਚਾਰੂ ਲੀਹਾਂ ‘ਤੇ ਲਿਆਉਣ ਹਿੱਤ ਸਰਕਾਰੀ ਸਿਹਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੋਂ ਇਲਾਵਾ ਸੂਬੇ ਦੇ ਪੇਂਡੂ ਖੇਤਰਾਂ ‘ਚ ਨਵ-ਸਥਾਪਿਤ 107 ਹੈਲਥ ਤੇ ਵੈੱਲਨਸ ਕੇਂਦਰਾਂ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 21 ਨਵੰਬਰ ਨੂੰ ਆਨਲਾਈਨ ਉਦਘਾਟਨ ਕਰਨਗੇ। ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਇਸ ਲੋਕ ਪੱਖੀ ਆਨਲਾਈਨ ਸਮਾਗਮ ਮੌਕੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਵਿਧਾਇਕ ਅਤੇ ਮੰਤਰੀ ਮੌਜੂਦ ਰਹਿਣਗੇ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਲਗਾਏ ਗਏ ਹਨ, ਜਦੋਂਕਿ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ ਸਮੁੱਚੇ ਵਿਧਾਇਕਾਂ ਤੇ ਮੰਤਰੀਆਂ ਨਾਲ ਇਸ ਸਮਾਗਮ ਦੀ ਸਫਲਤਾ ਲਈ ਤਾਲਮੇਲ ਬਿਠਾਉਣਗੇ। ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਸਮੇਂ ਸੂਬੇ ਭਰ ਦੇ ਸਮੂਹ ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਮੈਡੀਕਲ ਕਾਲਜਾਂ, ਜ਼ਿਲ੍ਹਾ ਸਿਵਲ ਹਸਪਤਾਲਾਂ, ਉਪ-ਮੰਡਲ ਸਿਵਲ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਕਮਿਊਨਿਟੀ ਹੈਲਥ ਸੈਂਟਰਾਂ ‘ਚ ਆਪਣੇ-ਆਪਣੇ ਖੇਤਰਾਂ ‘ਚ ਸਿਹਤ ਅਧਿਕਾਰੀ ਤੇ ਮੁਲਾਜ਼ਮ ਬਕਾਇਦਾ ਹਾਜ਼ਰ ਰਹਿਣਗੇ। ਮੁੱਖ ਮੰਤਰੀ ਪੰਜਾਬ ਦੇ ਵੀਡੀਓ ਕਾਨਫ਼ਰੰਸ ਦੀ ਸਮਾਪਤੀ ਉਪਰੰਤ ਹਲਕਾ ਵਿਧਾਇਕ ਅਤੇ ਮੰਤਰੀ ਨਵ-ਸਥਾਪਿਤ ਹੈਲਥ ਤੇ ਵੈੱਲਨਸ ਕੇਂਦਰਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾਇਗੀ ਕਰਨਗੇ। ਇਸੇ ਦੌਰਾਨ ਸੰਪਰਕ ਕਰਨ ਤੇ ਹਲਕਾ ਅਜਨਾਲਾ ਤਹਿਤ ਪੈਂਦੇ ਬਲਾਕ ਪ੍ਰਾਇਮਰੀ ਹੈਲਥ ਕੇਂਦਰ ਦੇ ਐਸ. ਐਮ. ਓ. ਡਾ.ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਸਿਹਤ ਬਲਾਕ ਤਹਿਤ ਪੈਂਦੇ 24 ਹੈਲਥ ਤੇ ਵੈੱਲਨਸ ਕੇਂਦਰ ਬਕਾਇਦਾ ਕਾਰਜਸ਼ੀਲ ਹਨ ਅਤੇ ਇਹਨਾਂ ਕੇਂਦਰਾਂ ਦੀ ਮਰੀਜ਼ਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਹੈ ਅਤੇ ਵਿਭਾਗੀ ਆਦੇਸ਼ ਮਿਲਣ ਤੇ ਅਗਲੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ।