ਡੀਜੀਪੀ ਦਿਨਕਰ ਗੁਪਤਾ ਨੂੰ ਪਟਾਕੇ ਚਲਾਉਣ ਵਾਲਿਆਂ ਖਿਲਾਫ ਸਖਤੀ ਦੇ ਹੁਕਮ

0
145

ਚੰਡੀਗੜ੍ਹ (TLT News) ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਸਖਤੀ ਮਗਰੋਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਇਸ ਬਾਰੇ ਸਰਕਾਰ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਹੁਣ ਪਟਾਕਿਆਂ ਲਈ ਸਮਾਂ ਤੈਅ ਕਰ ਦਿੱਤਾ ਹੈ।

ਇਹ ਸਮਾਂ ਦੀਵਾਲੀ ਮੌਕੇ ਰਾਤ ਨੂੰ ਅੱਠ ਤੋਂ 10 ਵਜੇ ਤੱਕ ਹੋਏਗਾ। ਗੁਰਪੁਰਬ ਮੌਕੇ ਸਵੇਰੇ ਚਾਰ ਤੋਂ ਪੰਜ ਤੇ ਰਾਤ ਨੌਂ ਤੋਂ 10 ਵਜੇ ਤੱਕ ਹੋਏਗਾ। ਇਸ ਤੋਂ ਇਲਾਵਾ ਕ੍ਰਿਸਮਿਸ ਮੌਕੇ ਰਾਤ 11.55 ਤੋਂ 12.30 ਵਜੇ ਹੋਏਗਾ। ਇਸ ਦੇ ਨਾਲ ਹੀ ਸਿਰਫ ਗਰੀਨ ਪਟਾਕੇ ਹੀ ਚਲਾਏ ਜਾ ਸਕਦੇ ਹਨ। ਗਰੀਨ ਪਟਾਕੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਲੀਥੀਅਮ, ਆਰਸੈਨਿਕ, ਬੈਰੀਅਰ ਤੇ ਲੀਡ ਵਰਗੇ ਰਸਾਇਣ ਨਹੀਂ ਹੁੰਦੇ। ਇਹ ਵਾਤਾਵਰਨ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ।

ਐਨਜੀਟੀ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਨਵੰਬਰ 2019 ਵਿੱਚ ਹਵਾ ਦੀ ਗੁਣਵੱਤਾ ਕਮਜ਼ੋਰ ਸੀ, ਉੱਥੇ ਪਟਾਕੇ ਚਲਾਉਣ ਵਾਲਿਆਂ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਲਈ ਮੰਡੀ ਗੋਬਿੰਦਗੜ੍ਹ ਵਿੱਚ 9 ਨਵੰਬਰ 2020 ਤੋਂ 1 ਜਨਵਰੀ 2021 ਤੱਕ ਪਟਾਕੇ ਚਲਾਉਣ ‘ਤੇ ਪਾਬੰਦੀ ਰਹੇਗੀ।