ਬੱਸਾਂ ‘ਚ ਟਿਕਟ ਦੀ ਨਹੀਂ ਪਵੇਗੀ ਲੋੜ, ਬਿਨਾਂ ਟਿਕਟ ਕਰ ਸਕੋਗੇ ਸਮਾਰਟ ਸਫ਼ਰ

0
1138

ਨਵੀਂ ਦਿੱਲੀ (TLT News): ਆਉਣ ਵਾਲੇ ਸਮੇਂ ‘ਚ ਪੂਰੇ ਦੇਸ਼ ‘ਚ ਸਫ਼ਰ ਕਰਨ ਲਈ ਟਿਕਟ ਖ਼ਰੀਦਣ ਦੀ ਲੋੜ ਨਹੀਂ ਪਵੇਗੀ। ਸਰਕਾਰ ਇਕ ਅਜਿਹੇ ਸਮਾਰਟ ਕਾਰਡ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਹੜਾ ਟਿਕਟ ਦੀ ਲੋੜ ਨੂੰ ਖ਼ਤਮ ਕਰ ਦੇਵੇਗਾ। ਇਸ ਕਾਰਡ ਦੀ ਵਰਤੋਂ ਬੱਸ, ਮੈਟਰੋ, ਟ੍ਰੇਨ ਕਿਤੇ ਵੀ ਕੀਤੀ ਜਾ ਸਕਦੀ ਹੈ। ਕੇਂਦਰੀ ਸੜਕੀ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਮੁਤਾਬਕ ਇਸ ਕਾਰਡ ਦੀ ਖ਼ਾਸੀਅਤ ਇਹ ਹੋਵੇਗੀ ਕਿ ਕਿਸੇ ਵਿਅਕਤੀ ਦੇ ਬੱਸ ਵਿਚ ਚੜ੍ਹਨ ਅਤੇ ਉਸ ਤੋਂ ਬਾਅਦ ਉਤਰਨ ਤੋਂ ਬਾਅਦ ਆਪਣੇ ਆਪ ਕਿਰਾਇਆ ਕੱਟ ਜਾਵੇਗਾ। 

ਦਰਅਸਲ, ਦੋ ਦਿਨ ਪਹਿਲਾਂ ਨਿਤਿਨ ਗਡਕਰੀ ਨੇ ਇਲੈਕਟ੍ਰਿਕ ਮੋਬੀਲਿਟੀ ‘ਤੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਬੱਸ ਅਤੇ ਮੈਟਰੋ ਵਿਚ ਸਫ਼ਰ ਲਈ ਇਕ ਵਿਸ਼ੇਸ਼ ਕਾਰਡ ਦੇ ਲਾਂਚ ਕੀਤੇ ਜਾਣ ਦੀ ਯੋਜਨਾ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਮੁਤਾਬਕ ਇਹ ਕਾਰਡ ਪੂਰੇ ਦੇਸ਼ ਵਿਚ ਸਾਰੀਆਂ ਬੱਸਾਂ ਅਤੇ ਮੈਟਰੋ ‘ਤੇ ਚੱਲੇਗਾ। ਯਾਨੀ ਇਕ ਕਾਰਡ ਖ਼ਰੀਦ ਕੇ ਕੋਈ ਵੀ ਵਿਅਕਤੀ ਕਿਤੇ ਵੀ, ਕਦੇ ਵੀ ਸਫ਼ਰ ਕਰ ਸਕਦਾ ਹੈ। ਜ਼ਾਹਿਰ ਹੈ ਕਿ ਮੌਜੂਦਾ ਫਾਸਟ ਟੈਗ ਦੀ ਤਰ੍ਹਾਂ ਇਸ ਕਾਰਡ ਵਿਚ ਪੈਸੇ ਪਾਉਣੇ ਪੈਣਗੇ। ਇਹੀ ਨਹੀਂ, ਸਰਕਾਰ ਦੀ ਯੋਜਨਾ ਇਸ ਕਾਰਡ ਨੂੰ ਹੋਰ ਸੌਖਾ ਬਣਾਉਣ ਦੀ ਵੀ ਹੈ। 

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਉੱਚ ਸਰਕਾਰੀ ਸੂਤਰਾਂ ਮੁਤਾਬਕ, ਪੂਰੇ ਦੇਸ਼ ਵਿਚ ਟਰਾਂਸਪੋਰਟ ਸੇਵਾਵਾਂ ਲਈ ਇਕ ਕਾਰਡ ਲਈ ਤਕਨੀਕ ਵਿਕਸਿਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਛੇ ਮਹੀਨਿਆਂ ਵਿਚ ਇਸ ਦਾ ਪਾਇਲਟ ਪ੍ਰਾਜੈਕਟ ਲਾਂਚ ਕਰ ਦਿੱਤਾ ਜਾਵੇਗਾ। ਪਾਇਲਟ ਪ੍ਰਾਜੈਕਟ ਦੇ ਤਜਰਬਿਆਂ ਦੇ ਆਧਾਰ ‘ਤੇ ਇਸ ਵਿਚ ਕੁਝ ਫੇਰਬਦਲ ਕੀਤੇ ਜਾ ਸਕਦੇ ਹਨ, ਪਰ ਸਰਕਾਰ ਦੀ ਤਿਆਰੀ ਛੇਤੀ ਤੋਂ ਛੇਤੀ ਇਸ ਪੂਰੇ ਦੇਸ਼ ਵਿਚ ਲਾਂਚ ਕਰਨ ਦੀ ਹੈ। ਗਡਕਰੀ ਮੁਤਾਬਕ, ਦੇਸ਼ ਵਿਚ ਹੋਰ ਖ਼ਾਸ ਕਰਕੇ ਸ਼ਹਿਰਾਂ ਵਿਚ ਟਰਾਂਸਪੋਰਟ ਸੇਵਾਵਾਂ ਵਿਚ ਜ਼ਬਰਦਸਤ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਬੱਸਾਂ ਦੀ ਖਸਤਾਹਾਲ ਹੋਣ ਦੇ ਪਿੱਛੇ ਦੋ ਪ੍ਰਮੁੱਖ ਕਾਰਨ ਹਨ। ਇਕ ਟਿਕਟ ਵਿਚ ਹੇਰਾਫੇਰੀ ਅਤੇ ਦੂਜੀ ਡੀਜ਼ਲ ਦੀ ਚੋਰੀ। ਉਨ੍ਹਾਂ ਮੁਤਾਬਕ, ਸ਼ਹਿਰਾਂ ਵਿਚ ਇਲੈਕਟ੍ਰਿਕ ਤੇ ਗੈਸ ਆਧਾਰਿਤ ਬੱਸਾਂ ਦੇ ਆਉਣ ਅਤੇ ਟਿਕਟ ਦੀ ਥਾਂ ਸਮਾਰਟ ਕਾਰਡ ਦੇ ਇਸਤੇਮਾਲ ਨਾਲ ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਇਲੈਕਟ੍ਰਿਕ ਬੱਸਾਂ ਦੇ ਆਉਣ ਨਾਲ ਪ੍ਰਦੂਸ਼ਣ ‘ਤੇ ਲਗਾਮ ਲਾਉਣ ਵਿਚ ਵੀ ਮਦਦ ਮਿਲੇਗੀ। 

ਦੱਸਣਯੋਗ ਹੈ ਕਿ ਨਿਤਿਨ ਗਡਕਰੀ ਦੀਵਾਲੀ ਤੋਂ ਬਾਅਦ ਵਾਹਨ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਵਾਂ ‘ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਐੱਸਏ ਬੋਬਡੇ ਦੇ ਸਾਹਮਣੇ ਪ੍ਰੈਜੇਂਟੇਸ਼ਨ ਦੇਣ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਜਸਟਿਸ ਬੋਬਡੇ ਦੇ ਸਾਹਮਣੇ ਮੌਜੂਦਾ ਡੀਜ਼ਲ ਤੇ ਪੈਟਰੋਲ ਆਧਾਰਿਤ ਇਲੈਕਟ੍ਰਿਕ ਵਾਹਨਾਂ ਦੀ ਬਜਾਏ ਗੈਸ ਆਧਾਰਿਤ ਅਤੇ ਇਲੈਕਟ੍ਰਿਕ ਵਾਹਨਾਂ ਦੇ ਇਸਤੇਮਾਲ ਨੂੰ ਬੜ੍ਹਾਵਾ ਦੇਣ ਲਈ ਜ਼ਰੂਰੀ ਢਾਂਚਾ ਨਿਰਮਾਣ ਦੀ ਰੂਪਰੇਖਾ ਪੇਸ਼ ਕਰਨਗੇ।