ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਅਮਰੀਕੀ ਚੋਣਾਂ ਦਾ ਵੱਡਾ ਅਸਰ, ਬਾਇਡਨ ਦੀ ਬੜ੍ਹਤ ਨਾਲ ਚਮਕਿਆ ਸੋਨਾ

0
145

ਨਵੀਂ ਦਿੱਲੀ (time24): ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ (US President Election) ਚੋਣ ਜਿੱਤਣ ਦੀ ਸੰਭਾਵਨਾ ਦੇ ਵਿਚਕਾਰ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ (Gold-Silver Price) ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਬਾਇਡਨ ਨੇ ਵਿਸਕਾਨਸਿਨ, ਮਿਸ਼ੀਗਨ ਤੇ ਐਰੀਜ਼ੋਨਾ ਵਿੱਚ ਜਿੱਤ ਹਾਸਲ ਕਰ ਲਈ ਹੈ ਤੇ ਉਹ ਜਲਦੀ ਹੀ 270 ਦੇ ਜਾਦੂਈ ਅੰਕੜੇ ਨੂੰ ਛੂਹ ਕੇ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਣਗੇ। ਦੱਸ ਦਈਏ ਕਿ ਦੁਨੀਆ ਦੇ ਤਾਕਤਵਰ ਦੇਸ਼ ਦੀਆਂ ਚੋਣਾਂ ਦਾ ਅਸਰ ਗਲੋਬਲ ਮਾਰਕੀਟ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ ‘ਤੇ ਵੀ ਨਜ਼ਰ ਆਇਆ ਹੈ ਤੇ ਇਨ੍ਹਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।

ਭਾਰਤ ਵਿੱਚ ਐਮਸੀਐਕਸ ‘ਚ ਇਸ ਦਾ ਪ੍ਰਭਾਵ ਨਜ਼ਰ ਆਇਆ ਤੇ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 0.76 ਪ੍ਰਤੀਸ਼ਤ ਯਾਨੀ 384 ਰੁਪਏ ਵਧਕੇ 51,204 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ ਦੀਆਂ ਕੀਮਤਾਂ 1.03 ਪ੍ਰਤੀਸ਼ਤ ਯਾਨੀ 630 ਰੁਪਏ ਵਧ ਕੇ 62,019 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ।

ਇਸ ਦੇ ਨਾਲ ਹੀ ਦਿੱਲੀ ਬਾਜ਼ਾਰ ਵਿੱਚ ਬੁੱਧਵਾਰ ਨੂੰ ਸੋਨੇ ਦੀ ਕੀਮਤ ‘ਚ ਵਾਧਾ ਦਰਜ ਕੀਤਾ ਗਿਆ। ਇਹ ਕੀਮਤਾਂ ਵਧ ਕੇ 50743 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ, ਜਦੋਂਕਿ ਚਾਂਦੀ ਦੀ ਕੀਮਤ 1,266 ਰੁਪਏ ਦੀ ਗਿਰਾਵਟ ਨਾਲ 60,669 ਰੁਪਏ ਰਹੀ। ਗਲੋਬਲ ਬਾਜ਼ਾਰ ਵਿਚ, ਸੋਨੇ ਤੇ ਚਾਂਦੀ ‘ਤੇ ਅਮਰੀਕੀ ਚੋਣਾਂ ਦਾ ਪ੍ਰਭਾਵ ਵੇਖਿਆ ਗਿਆ।

ਇਸ ਦੌਰਾਨ ਭਾਰਤ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਸੋਨੇ ਦੀ ਮੰਗ ਵਿਚ ਗਿਰਾਵਟ ਦਰਜ ਕੀਤੀ, ਪਰ ਅਗਲੇ ਤਿੰਨ ਮਹੀਨਿਆਂ ਵਿੱਚ ਇਸ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਦਰਅਸਲ, ਗਹਿਣਿਆਂ ਦੀ ਮੰਗ ਦੀਵਾਲੀ ਤੇ ਹੋਰ ਤਿਉਹਾਰਾਂ ਤੇ ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਵਧ ਸਕਦੀ ਹੈ। ਇਸ ਦੇ ਨਾਲ, ਆਰਥਿਕ ਰਿਕਵਰੀ ਵਿੱਚ ਗਤੀ ਦੇ ਸੰਕੇਤ ਵੀ ਸੋਨੇ ਦੀ ਮੰਗ ਵਿੱਚ ਵਾਧਾ ਦਰਸਾ ਸਕਦੇ ਹਨ।