12 ਵੱਜਦਿਆਂ ਹੀ ਪੰਜਾਬ ‘ਚ ਥਮ ਜਾਏਗੀ ਆਵਾਜਾਈ, ਕਿਸਾਨਾਂ ਨੇ ਸੰਭਾਲੇ ਮੋਰਚੇ

0
244

ਚੰਡੀਗੜ੍ਹ (TLT News) ਅੱਜ ਪੰਜਾਬ (Punjab) ਸਣੇ ਦੇਸ਼ ਭਰ ਵਿੱਚ 12 ਵਜੇ ਤੋਂ ਚਾਰ ਵਜੇ ਤੱਕ ਚੱਕਾ ਜਾਮ ਰਹੇਗਾ। ਖੇਤੀ ਕਾਨੂੰਨਾਂ (Agriculture Laws) ਵਿਰੁੱਧ ਕਿਸਾਨ ਜਥੇਬੰਦੀਆਂ ਦਾ ਇਹ ਪਹਿਲਾ ਐਕਸ਼ਨ ਦੇਸ਼ ਭਰ ਵਿੱਚ ਹੋਣ ਜਾ ਰਿਹਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚਾਰ ਘੰਟਿਆਂ ਲਈ ਸਖ਼ਤ ਨਾਕੇਬੰਦੀ ਹੋਏਗੀ। ਬੇਸ਼ੱਕ ਇਹ ਐਕਸ਼ਨ ਪੂਰੇ ਦੇਸ਼ ਵਿੱਚ ਹੈ ਪਰ ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੇ ਹਰਿਆਣਾ ਵਿੱਚ ਵੇਖਿਆ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 35 ਥਾਵਾਂ ’ਤੇ ਵੱਡੇ ਇਕੱਠ ਕਰਕੇ ਹਾਈਵੇਅ ਜਾਮ ਕੀਤੇ ਜਾਣਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਸਮੁੱਚੇ ਕਿਸਾਨ ਸੰਘਰਸ਼ ਦਾ ਨਿਸ਼ਾਨਾ ‘ਤਾਨਾਸ਼ਾਹ ਮੋਦੀ ਹਕੂਮਤ’ ਤੇ ਉਸ ਦੇ ਚਹੇਤੇ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ।

ਉਧਰ, ਹਰਿਆਣਾ ਦੀਆਂ 34 ਕਿਸਾਨ ਜਥੇਬੰਦੀਆਂ ਨੇ ਵੀ ਐਲਾਨ ਕੀਤਾ ਹੈ ਹੈ ਕਿ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ’ਚ ਥਾਂ-ਥਾਂ ’ਤੇ ਸੜਕਾਂ ਰੋਕ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਹੋਏਗਾ। ਪੰਜਾਬ-ਹਰਿਆਣਾ ਸਰਹੱਦ ’ਤੇ ਜ਼ਿਲ੍ਹਾ ਸਿਰਸਾ ਦੇ ਮੁਸਹਾਬਾਦ ਤੇ ਨਰਵਾਣਾ ਜ਼ਿਲ੍ਹੇ ਦੇ ਦਾਤਾਸਿੰਘਵਾਲਾ ’ਚ ਦੋਵੇਂ ਸੂਬਿਆਂ ਦੇ ਕਿਸਾਨ ਇਕੱਠਿਆਂ ਜਾਮ ਲਾਉਣਗੇ।

ਆਲ ਇੰਡਿਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਸਤਿਆਵਾਨ ਪ੍ਰੇਮ ਸਿੰਘ ਗਹਿਲਾਵਤ ਤੇ ਯੋਗੇਂਦਰ ਯਾਦਵ ਨੇ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ ਵੱਖ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਦਾ ਰਹੀਆਂ ਹਨ। ਰਸਤੇ ਜਾਮ ਕਰਨ ਦੌਰਾਨ ਐਂਬੂਲੈਂਸਾਂ ਤੇ ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ।