‘ਬਾਬਾ ਦਾ ਢਾਬਾ’ ਨੂੰ ਪਹਿਚਣਾ ਦਿਵਾਉਣ ਵਾਲੇ ਦੇ ਵਿਰੁੱਧ ਹੀ ‘ਬਾਬੇ’ ਨੇ ਦਰਜ ਕਰਾਈ ਸ਼ਿਕਾਇਤ

0
159

ਨਵੀਂ ਦਿੱਲੀ, 2 ਨਵੰਬਰ (TLT News)- ਇਕ ਵੀਡੀਓ ਰਾਹੀਂ ਮਸ਼ਹੂਰ ਹੋਏ ਦੱਖਣੀ ਦਿੱਲੀ ਦੇ ‘ਬਾਬਾ ਦਾ ਢਾਬਾ’ ਦੇ ਮਾਲਕ ਨੇ ਯੂ-ਟਿਊਬਰ ਗੌਰਵ ਵਾਸਨ ਦੇ ਵਿਰੁੱਧ ਪੁਲਿਸ ‘ਚ ਸ਼ਿਕਾਇਤ ਦਰਜ ਕਰਾਈ ਹੈ। ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਨੇ ਦਾਨ ‘ਚ ਆਏ ਪੈਸਿਆਂ ਦੀ ਹੇਰਾ-ਫੇਰੀ ਨੂੰ ਲੈ ਕੇ ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ ਕਰਾਈ ਹੈ। ਕਾਂਤਾ ਪ੍ਰਸਾਦ ਨੇ ਯੂ-ਟਿਊਬਰ ਵਾਸਨ ਵਿਰੁੱਧ ਧੋਖਾ-ਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਦੋਸ਼ ਲਾਇਆ ਹੈ। ਇਸ ਮਾਮਲੇ ‘ਚ ਅਜੇ ਤੱਕ ਐਫ. ਆਈ. ਆਰ. ਦਰਜ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਗੌਰਵ ਵਾਸਨ ਨੇ ਹੀ ਸਭ ਤੋਂ ਪਹਿਲਾਂ ਬਾਬਾ ਦੇ ਢਾਬੇ ਦੀ ਵੀਡੀਓ ਸ਼ੂਟ ਕੀਤੀ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਹੀ ਵੱਡੀ ਗਿਣਤੀ ‘ਚ ਲੋਕ ਢਾਬੇ ‘ਤੇ ਖਾਣਾ ਖਾਣ ਪਹੁੰਚੇ ਸਨ। ਨਾਲ ਹੀ ਲੋਕਾਂ ਨੇ ਮਦਦ ਲਈ ਦਾਨ ਵੀ ਦਿੱਤਾ ਸੀ। ਆਪਣੀ ਸ਼ਿਕਾਇਤ ‘ਚ ਕਾਂਤਾ ਪ੍ਰਸਾਦ ਨੇ ਕਿਹਾ ਕਿ ਵਾਸਨ ਨੇ ਉਨ੍ਹਾਂ ਦੀ ਵੀਡੀਓ ਸ਼ੂਟ ਕਰਕੇ ਆਨਲਾਈਨ ਪੋਸਟ ਕੀਤੀ ਸੀ ਅਤੇ ਲੋਕਾਂ ਨੂੰ ਪੈਸੇ ਦਾਨ ਕਰਨ ਲਈ ਕਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਾਸਨ ਨੇ ਜਾਣ-ਬੁੱਝ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਬੈਂਕ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਅਤੇ ਵੱਡੀ ਰਕਮ ਇਕੱਠੀ ਕੀਤੀ।