ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ ਆਬਕਾਰੀ ਵਿਭਾਗ ਵਲੋਂ 48 ਟੀਮਾਂ ਦਾ ਗਠਨ

0
40

ਜਲੰਧਰ, TLT/ –ਜ਼ਹਿਰੀਲੀ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ ਸ਼ਰਾਬ ਦੀ ਵਿੱਕਰੀ ਰੋਕਣ ਲਈ ਆਬਕਾਰੀ ਵਿਭਾਗ ਨੇ ਦਸੰਬਰ ਮਹੀਨੇ ‘ਚ ਕਈ ਵੱਡੀਆਂ ਕਾਰਵਾਈਆਂ ਕਰਕੇ ਹੁਣ ਤੱਕ 166 ਦੇ ਕਰੀਬ ਕੇਸ ਦਰਜ ਕਰਕੇ 174 ਮੁਲਜ਼ਮ, ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਆਬਕਾਰੀ ਵਿਭਾਗ ਦੇ ਜਲੰਧਰ ਜ਼ੋਨ ਦੇ ਉਪ ਕਮਿਸ਼ਨਰ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਜਲੰਧਰ ਜੋਨ ਵਿਚ ਪੈਂਦੇ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਵੱਡੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਬਰਾਮਦ ਕਰਕੇ ਨਸ਼ਟ ਕੀਤਾ ਗਿਆ ਹੈ | ਦਸੰਬਰ ਮਹੀਨੇ ‘ਚ ਜਲੰਧਰ ਜੋਨ ਵਿਚ 1939042 ਕਿੱਲੋ ਲਾਹਣ, 3694.93 ਲੀਟਰ ਨਾਜਾਇਜ ਸ਼ਰਾਬ ਅਤੇ 11480 ਲੀਟਰ ਤਸਕਰੀ ਕੀਤੀ ਹੋਈ ਸ਼ਰਾਬ ਫੜ ਕੇ ਆਬਕਾਰੀ ਐਕਟ 1914 ਤਹਿਤ ਕਾਰਵਾਈ ਕੀਤੀ ਗਈ ਹੈ | ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਾਜਾਇਜ ਸ਼ਰਾਬ ਬਣਾਉਣ ਵਾਲਿਆਂ ਖ਼ਿਲਾਫ਼ ਹੋਰ ਵੀ ਸਖ਼ਤੀ ਕੀਤੀ ਗਈ ਹੈ | ਜਲੰਧਰ ਵਿਚ ਆਬਕਾਰੀ ਵਿਭਾਗ ਵੱਲੋਂ ਆਬਕਾਰੀ ਵਿਭਾਗ ਲੁਧਿਆਣਾ, ਜਲੰਧਰ ਦਿਹਾਤੀ ਪੁਲਿਸ ਅਤੇ ਜਗਰਾਉਂ ਪੁਲਿਸ ਦੇ ਸਹਿਯੋਗ ਨਾਲ ਸਤਲੁਜ ਦਰਿਆ ਵਿਚ ਬਣੇ ਟਾਪੂਆਂ ‘ਤੇ ਕਿਸ਼ਤੀਆਂ ਰਾਹੀਂ ਛਾਪਾ ਮਾਰ ਕੇ ਕਰੀਬ 110000 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ | ਉਪ ਕਮਿਸ਼ਨਰ ਸ. ਬਰਾੜ ਮੁਤਾਬਕ ਰੇਂਜ 2 ਵਿਚ ਪੈਂਦੇ ਹੋਟਲ, ਰੈਸਟੋਰੈਂਟ ਅਤੇ ਬਾਰਾਂ ਦੀ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ |