ਅੱਜ ਜਾਰੀ ਹੋ ਸਕਦੀ ਹੈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ

0
45

ਚੰਡੀਗਡ਼੍ਹ (TLT) ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਜਾਰੀ ਹੋ ਸਕਦੀ ਹੈ। ਵਿਧਾਨ ਸਭਾ ਚੋਣਾਂ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਅੱਜ ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਹੋਵੇਗੀ। ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਕਾਂਗਰਸ ਅੱਜ ਲੋਹੜੀ ਵਾਲੇ ਦਿਨ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਸੀਡਬਲਯੂਸੀ ਦੀ ਮੀਟਿੰਗ ਦੇ ਮੱਦੇਨਜ਼ਰ, ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਇੱਕ ਮੀਟਿੰਗ ਹੋਈ। ਵਰਚੁਅਲ ਮੀਟਿੰਗ ‘ਚ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਵੀਰਵਾਰ ਨੂੰ ਹੋਣ ਵਾਲੀ ਸੀਡਬਲਯੂਸੀ ਦੀ ਬੈਠਕ ‘ਚ ਕਿਹੜੇ-ਕਿਹੜੇ ਨੇਤਾਵਾਂ ਦੇ ਨਾਂ ਭੇਜੇ ਜਾਣ।

ਕਾਂਗਰਸੀ ਸੂਤਰਾਂ ਅਨੁਸਾਰ ਕਾਂਗਰਸ ਸਕਰੀਨਿੰਗ ਕਮੇਟੀ ਨੇ 60 ਤੋਂ ਵੱਧ ਸੀਟਾਂ ਲਈ ਇੱਕ ਨਾਂ ਫਾਈਨਲ ਕਰ ਲਿਆ ਹੈ ਪਰ ਮੀਟਿੰਗ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੈਰਹਾਜ਼ਰੀ ਕਾਰਨ ਇਹ ਤੈਅ ਨਹੀਂ ਹੋ ਸਕਿਆ ਕਿ ਉਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਸੂਚੀ ਭੇਜੀ ਜਾਵੇ ਜਾਂ ਨਹੀਂ ਜਿੱਥੇ ਸਕਰੀਨਿੰਗ ਕਮੇਟੀ ਵੱਲੋਂ ਨਾਂ ਫਾਈਨਲ ਕਰ ਦਿੱਤੇ ਗਏ ਹਨ ਜਾਂ ਉਨ੍ਹਾਂ ਸੀਟਾਂ ਦੀ ਸੂਚੀ ਭੇਜੀ ਜਾਵੇ ਜਿੱਥੇ ਦੋ ਦਾਅਵੇਦਾਰਾਂ ਦੇ ਨਾਂ ਹਨ। ਪਾਰਟੀ ਸੂਤਰਾਂ ਅਨੁਸਾਰ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਮੁੱਖ ਮੰਤਰੀ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕਰਨਗੇ।

ਸੂਤਰਾਂ ਦਾ ਕਹਿਣਾ ਹੈ ਕਿ ਅੱਜ ਹੋਣ ਵਾਲੀ ਮੀਟਿੰਗ ‘ਚ ਪਾਰਟੀ ਉਨ੍ਹਾਂ ਸੀਟਾਂ ‘ਤੇ ਮੋਹਰ ਲਗਾ ਸਕਦੀ ਹੈ, ਜਿਨ੍ਹਾਂ ‘ਤੇ ਸਕਰੀਨਿੰਗ ਕਮੇਟੀ ਨੇ ਨਾਂ ਤੈਅ ਕਰ ਲਿਆ ਹੈ। ਪੰਜਾਬ ਬਾਰੇ ਸੀਡਬਲਯੂਸੀ ਦੀ ਇਹ ਪਹਿਲੀ ਮੀਟਿੰਗ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਕਮੇਟੀ ਨੇ ਖਰੜ, ਗੜ੍ਹਸ਼ੰਕਰ, ਰੋਪੜ, ਡੇਰਾਬੱਸੀ, ਬੰਗਾ, ਫਗਵਾੜਾ, ਮਹਿਲਕਲਾਂ ਆਦਿ ਵੀਹ ਸੀਟਾਂ ਬਾਰੇ ਅਜੇ ਕੋਈ ਫੈਸਲਾ ਲੈਣਾ ਹੈ।

ਇਨ੍ਹਾਂ ਹਲਕਿਆਂ ਵਿੱਚ ਕੁਝ ਦਾਅਵੇਦਾਰਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਸ਼ੀਰਵਾਦ ਹਾਸਲ ਹੈ। ਅਜਿਹੇ ‘ਚ ਕਿਸੇ ਇਕ ਨਾਂ ਨੂੰ ਫਾਈਨਲ ਕਰਨ ਨਾਲ ਪਾਰਟੀ ‘ਚ ਕਲੇਸ਼ ਹੋਰ ਵਧਣ ਦੀ ਸੰਭਾਵਨਾ ਹੈ। ਫਿਰ ਵੀ ਪਾਰਟੀ ਅੱਜ ਕਾਂਗਰਸ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।