ਲੁਧਿਆਣਾ ‘ਚ ਤਿੰਨ ਦਿਨਾਂ ‘ਚ ਚੋਣ ਅਧਿਕਾਰੀ ਦੇ ਕੋਲ ਪਹੁੰਚੀਆਂ 28 ਸ਼ਿਕਾਇਤਾਂ, ਕੈਬਨਿਟ ਮੰਤਰੀ ਆਸ਼ੂ ਖਿਲਾਫ਼਼ 6 ਕੰਪਲੇਟ

0
46
ਲੁਧਿਆਣਾ (tlt) ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਹੀ ਜ਼ਿਲ੍ਹਾ ਚੋਣ ਅਫ਼ਸਰ ਤਕ ਸ਼ਿਕਾਇਤਾਂ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਵਿਚ 28 ਸ਼ਿਕਾਇਤਾਂ ਪੁੱਜੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਿਕਾਇਤਾਂ ਸੱਤਾ ਵਿਚ ਬੈਠੇ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਹਨ। ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਭ ਤੋਂ ਵੱਧ ਛੇ ਸ਼ਿਕਾਇਤਾਂ ਆਈਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ਸੱਤਾਧਾਰੀ ਆਗੂਆਂ ਦੇ ਹੋਰਡਿੰਗਜ਼ ਨੂੰ ਲੈ ਕੇ ਹਨ।

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੁਝ ਸ਼ਿਕਾਇਤਾਂ ਪੰਜਾਬ ਨਿਰਮਾਣ ਤੇ ਹੋਰ ਸਕੀਮਾਂ ਤਹਿਤ ਚੈੱਕਾਂ ਦੀ ਵੰਡ ਨਾਲ ਸਬੰਧਤ ਹਨ। 8 ਜਨਵਰੀ ਨੂੰ ਚੋਣ ਜ਼ਾਬਤਾ ਲੱਗਦਿਆਂ ਹੀ ਪੰਜਾਬ ਲੋਕ ਕਾਂਗਰਸ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਤੋਂ ਲੈ ਕੇ ਸੀਈਓ ਪੰਜਾਬ ਤੇ ਕੇਂਦਰੀ ਚੋਣ ਕਮਿਸ਼ਨ ਨੂੰ ਪਹਿਲੀ ਸ਼ਿਕਾਇਤ ਕੀਤੀ ਗਈ ਸੀ। ਦੱਸਿਆ ਗਿਆ ਕਿ ਭਾਰਤ ਭੂਸ਼ਣ ਆਸ਼ੂ ਨੇ ਮੇਅਰ ਕੈਂਪ ਆਫਿਸ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੈਕ ਵੰਡੇ ਹਨ।

ਇਸ ਤੋਂ ਇਲਾਵਾ ਕੁਝ ਹੋਰ ਸਰਕਲਾਂ ਤੋਂ ਵੀ ਚੈੱਕਾਂ ਦੀ ਵੰਡ ਸਬੰਧੀ ਸ਼ਿਕਾਇਤਾਂ ਜ਼ਿਲ੍ਹਾ ਚੋਣ ਅਫ਼ਸਰ ਕੋਲ ਪੁੱਜੀਆਂ ਹਨ। ਇਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ, ਏਡੀਸੀ ਸ਼ਹਿਰੀ ਵਿਕਾਸ, ਏਡੀਸੀ ਵਿਕਾਸ, ਮੁੱਖ ਪ੍ਰਸ਼ਾਸਕ ਗਲਾਡਾ, ਈਓ ਲੁਧਿਆਣਾ ਇੰਪਰੂਵਮੈਂਟ ਟਰੱਸਟ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਫਿਲਹਾਲ ਸੀ-ਵਿਜੀਲ ਐਪ ਰਾਹੀਂ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਹਲਕਿਆਂ ਮੁਤਾਬਕ ਸ਼ਿਕਾਇਤ ਸੈੱਲ ਤਿਆਰ ਨਾ ਹੋਣ ਕਾਰਨ ਸੋਮਵਾਰ ਤਕ ਦੇਖਿਆ ਨਹੀਂ ਜਾ ਸਕਿਆ। ਹੁਣ ਤਕ ਸਾਰੀਆਂ ਸ਼ਿਕਾਇਤਾਂ ਈਮੇਲ ਰਾਹੀਂ ਪ੍ਰਾਪਤ ਹੋਈਆਂ ਹਨ।