ਬਟਾਲਾ ਤੇ ਕਾਦੀਆਂ ਰੋਡ ‘ਤੇ ਡਿਊਟੀ ਜਾ ਰਹੇ ਨੌਜਵਾਨਾਂ ਨੂੰ ਪਿਸਤੌਲ ਦਿਖਾ ਕੇ ਖੋਹੀ ਸਵਿੱਫਟ ਕਾਰ, CCTV ਫੁਟੇਜ ਦੀ ਹੋ ਰਹੀ ਜਾਂਚ

0
41

ਬਟਾਲਾ (TLT) ਬਟਾਲਾ ‘ਚ ਜੁਰਮ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਏ ਦਿਨ ਲੁੱਟ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੁਲਿਸ ਦੇ ਯਤਨਾਂ ਦੇ ਬਾਵਜੂਦ ਜੁਰਮ ਵੱਧਦਾ ਜਾ ਰਿਹਾ ਹੈ। ਸੋਮਵਾਰ ਦੀ ਸਵੇਰ ਕਰੀਬ 6 ਵਜੇ ਬਟਾਲਾ ਤੇ ਕਾਦੀਆਂ ਰੋਡ ਤੋਂ ਚਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਇਕ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਾਰ ਖੋਹਣ ਸਮੇਂ ਗੋਲੀ ਵੀ ਚਲੀ ਹੈ ਹਾਲਾਂਕਿ ਪੁਲਿਸ ਨੇ ਕਾਰ ਖੋਹਣ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ, ਪਰ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕੀਤੀ ਹੈ। ਪੀੜਤ ਗੌਰਵਪਾਲ ਵਾਸੀ ਗ੍ਰੇਟਰ ਕੈਲਾਸ਼ ਬਟਾਲਾ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ‘ਚ ਇੱਕ ਟਰੈਕਟਰ ਕੰਪਨੀ ‘ਚ ਕੰਮ ਕਰਦਾ ਹੈ ਤੇ ਅੱਜ ਸਵੇਰੇ ਆਪਣੇ ਦੋਸਤ ਦਿਵਿਆਂਸ਼ ਸ਼ਰਮਾ ਨਾਲ ਆਪਣੀ ਸਵਿੱਫਟ ਕਾਰ ਪੀਬੀ 06 ਏਜੀ ਨੰਬਰ 0510 ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਡਿਊਟੀ ਜਾ ਰਹੇ ਸਨ। ਜਦੋਂ ਕਾਦੀਆ ਰੋਡ ‘ਤੇ ਗੁਰਨੂਰ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅੱਗੇ ਇਕ ਮੋਟਰਸਾਈਕਲ ਆ ਖੜੋ ਗਿਆ, ਇੰਨੇ ‘ਚ ਪਿਛੋਂ ਇਕ ਕਾਰ ਆਈ ਜਿਸ ਵਿੱਚ ਦੋ ਨੌਜਵਾਨ ਨਿਕਲ ਕੇ ਉਸ ਦੇ ਕਾਰ ਅੱਗੇ ਆ ਗਏ ਅਤੇ ਉਨ੍ਹਾਂ ਨੇ ਪਿਸਤੌਲ ਤਾਣ ਕੇ ਉਸ ਨੂੰ ਕਾਰ ‘ਚੋਂ ਬਾਹਰ ਨਿਕਲਣ ਲਈ ਕਿਹਾ।

ਗੌਰਵ ਪਾਲ ਨੇ ਦੱਸਿਆ ਕਿ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸਦੇ ਮੁੱਕੇ ਵੀ ਮਾਰੇ। ਉਨ੍ਹਾਂ ਅੱਗੇ ਦੱਸਿਆ ਕਿ ਫਿਰ ਲੁਟੇਰੇ ਨੇ ਗੋਲੀ ਵੀ ਚਲਾਈ ਜਿਸ ‘ਤੇ ਉਹ ਕਾਰ ‘ਚੋਂ ਬਾਹਰ ਆ ਗਏ ਤੇ ਲੁਟੇਰੇ ਕਾਰ ਲੈ ਕੇ ਫ਼ਰਾਰ ਹੋ ਗਏ। ਗੌਰਵ ਪਾਲ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਚਾਰ ਸੀ ਅਤੇ ਉਨ੍ਹਾਂ ਚੋਂ ਦੋ ਦੇ ਮੂੰਹ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਦਿੰਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਉਕਤ ਘਟਨਾ ਦੇ ਮਾਮਲੇ ਸਬੰਧੀ ਐੱਸਐੱਚਓ ਸਿਵਲ ਲਾਈਨ ਨੇ ਕਿਹਾ ਕਿ ਸੀਸੀਟੀਵੀ ਫੁਟੇਜ ‘ਚ ਕਾਰ ਲੁੱਟ ਦੀ ਘਟਨਾ ਕੈਦ ਹੈ ਅਤੇ ਸੀਸੀਟੀਵੀ ਫੁਟੇਜ ਦੇਖ ਕੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।