ਚੰਨੀ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਰਹੀ ਨਾਕਾਮ : ਕੇਜਰੀਵਾਲ

0
33

ਚੰਡੀਗਡ਼੍ਹ (tlt) ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 31 ਨੂੰ ਪਟਿਆਲਾ ਵਿਖੇ ‘ਸ਼ਾਂਤੀ ਮਾਰਚ’ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾ ਦੇਣਾ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ। ਕੋਈ ਉਨ੍ਹਾਂ ਦਾ ਭਾਈਚਾਰਾ ਤੋਡ਼ ਨਹੀਂ ਸਕਦਾ।

ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਬੇਅਦਬੀ ਦੀ ਕੋਸ਼ਿਸ਼ ਅਤੇ ਲੁਧਿਆਣਾ ਅਦਾਲਤ ਵਿੱਚ ਧਮਾਕੇ ਵਰਗੀਆਂ ਘਟਨਾਵਾਂ ਪੰਜਾਬ ਅਤੇ ਪੰਜਾਬੀਅਤ ’ਤੇ ਹਮਲੇ ਹਨ।

ਉਨ੍ਹਾਂ ਦੁਹਰਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਬਹੁਤ ਹੀ ਦੁੱਖ ਦੀ ਗੱਲ ਹੈ ਅਤੇ ਫਿਰ ਲੁਧਿਆਣਾ ਦੀ ਅਦਾਲਤ ਵਿੱਚ ਹੋਇਆ ਧਮਾਕਾ ਇਹ ਸਾਬਤ ਕਰਦਾ ਹੈ ਕਿ ਕੁੱਝ ਸਿਆਸੀ ਤੌਰ ’ਤੇ ਪ੍ਰੇਰਤ ਤੱਤ ਪੰਜਾਬ ਦੇ ਸ਼ਾਂਤਮਈ ਮਾਹੌਲ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਚੰਨੀ ਸਰਕਾਰ ਦੀ ਨਿੰਦਾ ਕਰਦੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਾਲੋਂ ਆਪਣੇ ਸੱਤਾ ਦੇ ਅਹੁਦਿਆਂ ’ਤੇ ਜ਼ਿਆਦਾ ਧਿਆਨ ਦਿੰਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ, ਕਿਉਂਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇਡ਼ੇ ਹਨ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨੇਡ਼ੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ‘ਗੁਟਕਾ ਸਾਹਿਬ’ ਦੀ ਸਹੁੰ ਖਾ ਕੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਡੱਕਣ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਕੁੱਝ ਨਹੀਂ ਕੀਤਾ। ਕਾਂਗਰਸ ਪੰਜਾਬ ਵਿਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਘਰੇਲੂ ਕਾਟੋ-ਕਲੇਸ਼ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘਟੀਆ ਲੋਕ ਸਿਰਫ ਆਪਣੇ ਸਿਆਸੀ ਏਜੰਡੇ ਅਤੇ ਲਾਭ ਲਈ ਕੰਮ ਕਰਦੇ ਹਨ।