ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਜੰਗਲਾਤ ਮਹਿਕਮੇ ਦੇ ਮੁਲਾਜ਼ਮ ਨੂੰ ਉਤਾਰਿਆ ਮੌਤ ਦੇ ਘਾਟ,ਬੁਟਾਹਰੀ ਇਲਾਕੇ ‘ਚੋਂ ਬਰਾਮਦ ਕੀਤੀ ਗਈ ਲਾਸ਼

0
39

ਲੁਧਿਆਣਾ (TLT) ਜੰਗਲਾਤ ਵਿਭਾਗ ਦੇ ਡੇਲੀ ਬੇਸ ਮੁਲਾਜ਼ਮ ਦੇ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਡੇਹਲੋਂ ਦੇ ਵਾਸੀ ਸਿੰਦਰ ਸਿੰਘ (65) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ।ਪੁਲਿਸ ਨੇ ਇਸ ਮਾਮਲੇ ਵਿਚ ਸਿੰਦਰ ਸਿੰਘ ਦੀ ਬੇਟੀ ਬਖਸ਼ੀਸ਼ ਕੌਰ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ । ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਖਸ਼ੀਸ਼ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਸਿੰਦਰ ਸਿੰਘ ਜੰਗਲਾਤ ਮਹਿਕਮੇ ਵਿੱਚ ਡੇਲੀ ਬੇਸ ਤੇ ਕੰਮ ਕਰਦੇ ਸਨ। ਸਾਢੇ 7 ਵਜੇ ਦੇ ਕਰੀਬ ਉਹ ਆਪਣੇ ਸਾਈਕਲ ਤੇ ਸਵਾਰ ਹੋ ਕੇ ਬੁਟਾਹਰੀ ਨਹਿਰ ਦੇ ਨਾਲ ਪੈਂਦੀ ਜੰਗਲਾਤ ਵਿਭਾਗ ਦੀ ਜਮੀਨ ਵਿੱਚ ਆਉਂਦੇ ਸਫੈਦਿਆਂ ਨੂੰ ਰੰਗ ਕਰਨ ਚਲੇ ਗਏ । ਸਵੇਰੇ ਅੱਠ ਵਜੇ ਦੇ ਕਰੀਬ ਜਦ ਕੁਝ ਰਾਹਗੀਰ ਉੱਥੋਂ ਲੰਘੇ ਤਾਂ ਉਨ੍ਹਾਂ ਨੇ ਦੇਖਿਆ ਕਿ ਨਹਿਰ ਤੋਂ ਇੱਕ ਕਿਲੋਮੀਟਰ ਦੂਰ ਸਫੈਦਿਆਂ ਦੇ ਖਤਾਨਾਂ ਵਿੱਚ ਸਿੰਦਰ ਸਿੰਘ ਦੀ ਲਾਸ਼ ਪਈ ਸੀ । ਜਾਣਕਾਰੀ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਤਫਤੀਸ਼ ਸ਼ੁਰੂ ਕੀਤੀ ।ਜਾਂਚ ਦੇ ਦੌਰਾਨ ਪੁਲਿਸ ਨੇ ਪਾਇਆ ਕਿ ਮ੍ਰਿਤਕ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ ।ਸਿੰਦਰ ਸਿੰਘ ਦੇ ਸਿਰ ਚ ਡੂੰਘੀਆਂ ਸੱਟਾਂ ਦੇ ਕਈ ਨਿਸ਼ਾਨ ਸਨ । ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਟੱਕ ਲੱਗੇ ਹੋਏ ਸਨ । ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਸਿੰਦਰ ਸਿੰਘ ਦਾ ਕਤਲ ਕਰਕੇ ਲਾਸ਼ ਖਤਾਨਾਂ ਵਿੱਚ ਸੁੱਟ ਦਿੱਤੀ ਗਈ । ਇਸ ਮਾਮਲੇ ਵਿਚ ਥਾਣਾ ਡੇਹਲੋਂ ਦੇ ਇੰਚਾਰਜ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।