ਭਿੱਖੀਵਿੰਡ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, ਕਾਰ ਰੁੱਖ ਨਾਲ ਟਕਰਾਈ; ਕੋਟਕ ਮਹਿੰਦਰਾ ਬੈਂਕ ਦੇ ਬ੍ਰਾਂਚ ਹੈੱਡ ਸਮੇਤ ਤਿੰਨ ਜਣਿਆਂ ਦੀ ਮੌਤ

0
57

ਭਿੱਖੀਵਿੰਡ (TLT) ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਨਜ਼ਦੀਕ ਇਕ ਕਾਰ ਦੇ ਰੁੱਖ ਨਾਲ ਟਕਰਾ ਜਾਣ ਕਾਰਨ ਵਾਪਰੇ ਭਿਆਨਕ ਹਾਦਸੇ ਚ ਕੋਟਕ ਮਹਿੰਦਰਾ ਬੈਂਕ ਦੇ ਬ੍ਰਾਂਚ ਹੈੱਡ ਸਮੇਤ ਦੋ ਹੋਰ ਮਹਿਲਾ ਅਧਿਕਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਮੌਕੇ ਤੇ ਪਹੁੰਚੇ ਸਥਾਨਕ ਲੋਕਾਂ ਨੇ ਮੁਸ਼ਕਿਲ ਨਾਲ ਕਾਰ ਵਿੱਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜਦੋਂ ਕਿ ਇਕ ਮਹਿਲਾ ਅਧਿਕਾਰੀ ਦੀ ਲਾਸ਼ ਲੰਮਾ ਸਮਾਂ ਕਾਰ ਵਿੱਚ ਫਸੀ ਰਹੀ ਜਿਸ ਨੂੰ ਬਾਹਰ ਕੱਢਣ ਲਈ ਭਾਰੀ ਜੱਦੋ ਜਹਿਦ ਕਰਨੀ ਪਈ। ਮ੍ਰਿਤਕਾਂ ਦੀ ਪਛਾਣ ਬ੍ਰਾਂਚ ਹੈੱਡ ਜਸਬੀਰ ਸਿੰਘ ਅਤੇ ਅਪ੍ਰੇਸ਼ਨਾਲ ਹੈੱਡ ਬਲਜੀਤ ਕੌਰ ਤੋਂ ਇਲਾਵਾ ਕੈਸ਼ੀਅਰ ਸਨਮੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਬੀਰ ਸਿੰਘ ਅੰਮ੍ਰਿਤਸਰ ਤੋਂ ਚੱਲ ਕੇ ਪੱਟੀ ਪਹੁੰਚੇ ਜਿਥੋਂ ਬਲਜੀਤ ਕੌਰ ਨੂੰ ਲਿਆ ਅਤੇ ਪੱਟੀ ਤੋਂ ਭਿੱਖੀਵਿੰਡ ਆਉਂਦੇ ਸਮੇਂ ਪਿੰਡ ਕਾਲੇ ਦੇ ਪੁਲ ਕੋਲ ਕਾਰ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ। ਇਹ ਸਾਰਾ ਸਟਾਫ ਮਾੜੀ ਗੋੜ ਸਿੰਘ ਵਿਖੇ ਸਥਿਤ ਕੋਟਿਕ ਮਹਿੰਦਰਾ ਬੈਂਕ ਵਿਚ ਤਾਇਨਾਤ ਸੀ। ਮੌਕੇ ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲਾਸ਼ਾਂ ਕਬਜੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।