4 ਕੁਇੰਟਲ ਗਊ ਮਾਸ ਬਰਾਮਦ, ਮੁਲਜ਼ਮ ਗ੍ਰਿਫਤਾਰ

0
41

ਲੁਧਿਆਣਾ (TLT) ਲੁਧਿਆਣਾ ਦੇ ਭਾਰਤ ਨਗਰ ਚੌਕ ’ਚੋਂ 4 ਕੁਇੰਟਲ 19 ਕਿੱਲੋ ਗਊ ਮਾਸ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗੁਪਤ ਸੂਚਨਾ ਦੇ ਆਧਾਰ ’ਤੇ ਕ੍ਰਾਈਮ ਬ੍ਰਾਂਚ 3 ਦੀ ਟੀਮ ਨੇ ਟੈਂਪੂ ਸਵਾਰ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਜਾਣਕਾਰੀ ਦਿੰਦਿਆਂ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਵੈਸਟ ਬੰਗਾਲ ਦੀ ਰਹਿਣ ਵਾਲੀ ਮੁਸਲਿਮਾਂ ਬੀਬੀ ਉਰਫ਼ ਲੀਲਾਵਤੀ, ਦੁੱਗਰੀ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਉਰਫ਼ ਰਾਣਾ ਤੇ ਮਨਪ੍ਰੀਤਵ ਸਿੰਘ ਉਰਫ਼ ਮਿੰਟੂ ਟੈਂਪੂ ’ਚ ਗਊ ਮਾਸ ਲੱਦ ਕੇ ਲਿਜਾ ਰਹੇ ਹਨ। ਸੂਚਨਾ ਤੋਂ ਬਾਅਦ ਪੁਲਿਸ ਨੇ ਭਾਰਤ ਨਗਰ ਚੌਕ ਵਿਚ ਨਾਕਾਬੰਦੀ ਕਰ ਕੇ ਟੈਂਪੂ ਸਵਾਰ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਚਾਰ ਕੁਇੰਟਲ 19 ਕਿਲੋ ਗਊ ਮਾਸ ਬਰਾਮਦ ਕੀਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰ ਕੇ ਕਈ ਜਾਣਕਾਰੀਆਂ ਹਾਸਲ ਕਰੇਗੀ।