ਮਜੀਠੀਆ ‘ਤੇ FIR ਤੋਂ ਬਾਅਦ ਬੋਲੇ ਸਿੱਧੂ- ਇਹ ਪਹਿਲਾ ਕਦਮ, ਬਾਦਲ ਪਰਿਵਾਰ ਤੇ ਕੈਪਟਨ ਨੂੰ ਲਿਆ ਲੰਮੇ ਹੱਥੀਂ

0
54

ਚੰਡੀਗੜ੍ਹ (TLT) ਡਰੱਗਜ਼ ਕੇਸ ‘ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਖਿਲਾਫ਼ ਕੇਸ ਦਰਜ ਕਰਨ ਦੇ ਮਾਮਲੇ ‘ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕਰ ਕੇ ਜਿੱਥੇ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਹੱਥੀਂ ਲਿਆਂ ਹੈ, ਉੱਥੇ ਹੀ ਉਨ੍ਹਾਂ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ।

ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਭ੍ਰਿਸ਼ਟ ਸਿਸਟਮ ਖਿਲਾਫ਼ ਸਾਢੇ ਪੰਜ ਸਾਲ ਦੀ ਲੜਾਈ ਤੇ ਕੈਪਟਨ ਵੱਲੋਂ ਚਾਰ ਸਾਲ ਤਕ ਮਜੀਠੀਆ ਖਿਲਾਫ ED ਤੇ STF ਦੀ ਰਿਪੋਰਟ ‘ਤੇ ਕਾਰਵਾਈ ਨਾ ਕਰਨ ਵੱਲ ਇਹ ਪਹਿਲਾ ਕਦਮ ਹੈ। ਆਖ਼ਿਰਕਾਰ ਹੁਣ ਭਰੋਸੇੋਗ ਅਧਿਕਾਰੀਆਂ ਦੇ ਹੱਥ ‘ਚ ਪਾਵਰ ਆਉਣ ‘ਤੇ ਇਹ ਪਹਿਲੀ ਕਾਰਵਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਡਰੱਗ ਸਮੱਗਲਿੰਗ ਦੇ ਮੁੱਖ ਮੁਲਜ਼ਮ ਖਿਲਾਫ਼ ਫਰਵਰੀ 2018 ਦੀ ਐੱਸਟੀਐੱਫ ਦੀ ਰਿਪੋਰਟ ਦੇ ਆਧਾਰ ‘ਤੇ ਕੇਸ ਦਰਜ ਕੀਤਾ ਹੈ। ਮੈਂ ਪਿਛਲੇ ਚਾਰ ਸਾਲ ਤੋਂ ਇਸ ਦੀ ਮੰਗ ਕਰ ਰਿਹਾ ਸੀ। ਇਹ ਉਨ੍ਹਾਂ ਸਾਰੇ ਤਾਕਤਵਰਾਂ ਦੇ ਮੂੰਹ ‘ਤੇ ਚਪੇੜ ਹੈ ਜਿਹੜੇ ਪੰਜਾਬ ਦੀ ਆਤਮਾ ਦੇ ਮੁੱਦੇ ‘ਤੇ ਸਾਲਾਂ ਤੋਂ ਸੁੱਤੇ ਰਹੇ।

ਉਨ੍ਹਾਂ ਕਿਹਾ ਕਿ ਜਦੋਂ ਤਕ ਡਰੱਗ ਮਾਫੀਆ ਦੇ ਮੁੱਖ ਮੁਲਜ਼ਮ ਨੂੰ ਮਿਸਾਲੀ ਸਜ਼ਾ ਨਾ ਮਿਲੇ ਉਦੋਂ ਤਕ ਇਨਸਾਫ਼ ਨਹੀਂ ਮਿਲੇਗਾ। ਸਿੱਧੂ ਨੇ ਕਿਹਾ ਕਿ ਇਹ ਤਾਂ ਬੱਸ ਇਕ ਪਹਿਲਾ ਕਦਮ ਹੈ, ਲੜਾਈ ਉਦੋਂ ਤਕ ਜਾਰੀ ਰੱਖਾਂਗੇ ਜਦੋਂ ਤਕ ਸਜ਼ਾ ਨਹੀਂ ਦਿੱਤੀ ਜਾਂਦੀ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਮਾਨਦਾਰ ਤੇ ਧਰਮੀ ਲੋਕਾਂ ਨੂੰ ਚੁਣਨਾ ਚਾਹੀਦੈ ਤੇ ਨਸ਼ਾ ਸਮੱਗਲਰਾਂ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।